ਅਮਰੀਕਾ ‘ਚ ਮੁਸਲਿਮ ਪਰਿਵਾਰ ਦੇ ਘਰ ‘ਚ ਹਮਲਾਵਰਾਂ ਨੇ ਬੋਲਿਆ ਧਾਵਾ, ‘ਕੁਰਾਨ’ ਦੇ ਪਾੜੇ ਪੰਨੇ

ਵਾਸ਼ਿੰਗਟਨ— ਅਮਰੀਕਾ ‘ਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਇਕ ਮੁਸਲਿਮ ਪਰਿਵਾਰ ਦੇ ਘਰ ‘ਤੇ ਕੁਝ ਅਣਪਛਾਤੇ ਲੋਕਾਂ ਵਲੋਂ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਦਮਾਸ਼ਾਂ ਨੇ ਘਰ ‘ਚ ਭੰਨ-ਤੋੜ ਕੀਤੀ ਅਤੇ ਘਰ ‘ਚ ਰੱਖੀ ‘ਕੁਰਾਨ’ ਨੂੰ ਪਾੜ ਦਿੱਤਾ। ਇਸ ਤੋਂ ਇਲਾਵਾ ਹਮਲਾਵਰਾਂ ਨੇ ਗਰੀਨ ਕਾਰਡ ਅਤੇ 25,000 ਡਾਲਰ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਇਕ ਪੁਲਸ ਅਧਿਕਾਰੀ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੁਸਲਿਮ ਪਰਿਵਾਰ ਵਰਜੀਨੀਆ ਦੇ ਫੇਅਰਫੈਕਸ ਕਾਉਂਟੀ ‘ਚ ਰਹਿੰਦਾ ਹੈ। ਖੁਸ਼ਕਿਸਮਤੀ ਇਹ ਰਹੀ ਕਿ ਜਿਸ ਸਮੇਂ ਹਮਲਾਵਰਾਂ ਨੇ ਘਰ ‘ਤੇ ਹਮਲਾ ਕੀਤਾ, ਉਸ ਸਮੇਂ ਘਰ ‘ਚ ਕੋਈ ਮੌਜੂਦ ਨਹੀਂ ਸੀ। ਪਰਿਵਾਰ ਛੁੱਟੀਆਂ ਮਨਾਉਣ ਲਈ ਬਾਹਰ ਘੁੰਮਣ ਗਿਆ ਹੋਇਆ ਸੀ ਪਰ ਜਦੋਂ ਉਹ ਵਾਪਸ ਘਰ ਪਰਤੇ ਤਾਂ ਘਰ ਦਾ ਸਾਮਾਨ ਖਿਲਰਿਆ ਦੇਖਿਆ, ਜਿਸ ‘ਚੋਂ ਕੁਝ ਸਾਮਾਨ ਗਾਇਬ ਸੀ।
ਘਰ ‘ਚ ਰਹਿਣ ਵਾਲੇ ਮਾਰੂਖ ਅਤੇ ਸ਼ੋਇਬ ਨੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਵਿਚ ਰੱਖੀ ਕੁਰਾਨ ਦਾ ਅਪਮਾਨ ਕੀਤਾ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਦੁੱਖ ਕੁਰਾਨ ਦੇ ਪਾੜੇ ਜਾਣ ਦਾ ਹੈ। ਸ਼ੋਇਬ ਨੇ ਕਿਹਾ ਕਿ ਘਟਨਾ ਨੇ ਮੈਨੂੰ ਹਿਲਾ ਦਿੱਤਾ ਹੈ। ਇੰਨਾ ਸਭ ਹਮਲਾਵਰਾਂ ਨੇ ਇਸ ਲਈ ਕੀਤਾ, ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਹ ਕਿਸੇ ਮੁਸਲਿਮ ਪਰਿਵਾਰ ਦਾ ਘਰ ਹੈ।
ਅਮਰੀਕਨ-ਇਸਲਾਮਿਕ ਰਿਲੇਸ਼ਨਸ ਕੌਂਸਲ ਨੇ ਇਸ ਘਟਨਾ ਨੂੰ ਘ੍ਰਿਣਾ-ਅਪਰਾਧ ਦੇ ਤੌਰ ‘ਤੇ ਜਾਂਚ ਕਰਨ ਦੀ ਮੰਗ ਕੀਤੀ ਹੈ। ਕੌਂਸਲ ਦੇ ਬੁਲਾਰੇ ਨੇ ਕਿਹਾ ਕਿ ਘਟਨਾ ਵਾਲੀ ਥਾਂ ਨੂੰ ਦੇਖ ਕੇ ਸਾਫ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਮਲਾਵਰਾਂ ਨੇ ਨਫਰਤ ਦੀ ਭਾਵਨਾ ਨਾਲ ਹਮਲੇ ਨੂੰ ਅੰਜ਼ਾਮ ਦਿੱਤਾ। ਦੱਸਣ ਯੋਗ ਹੈ ਕਿ ਅਮਰੀਕਾ ਵਿਚ ਘ੍ਰਿਣਾ-ਅਪਰਾਧ ਦੇ ਮਾਮਲੇ ਦਿਨੋਂ-ਦਿਨ ਵਧ ਰਹੇ ਹਨ। ਅਮਰੀਕੀ ਨਾਗਰਿਕਾਂ ਵਲੋਂ ਦੂਜੇ ਦੇਸ਼ਾਂ ਦੇ ਲੋਕਾਂ ‘ਤੇ ਹਮਲੇ ਕੀਤੇ ਗਏ ਹਨ, ਜਿਸ ਵਿਰੁੱਧ ਕੋਈ ਸਖਤ ਕਦਮ ਨਾ ਚੁੱਕਣ ਕਾਰਨ ਇਹ ਹਮਲੇ ਵਧ ਰਹੇ ਹਨ।