ਕੇਜਰੀਵਾਲ ਨੂੰ ਲੱਗੇਗਾ ਵੱਡਾ ਝਟਕਾ, 4 ਹੋਰ ਵਿਧਾਇਕ ਛੱਡ ਸਕਦੇ ਹਨ ਪਾਰਟੀ ਦਾ ਸਾਥ!

2017_3image_12_22_560600000kerji-ll

ਨਵੀਂ ਦਿੱਲੀ— ਦਿੱਲੀ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਹੁਣ ਟੁੱਟ ਦੀ ਕਗਾਰ ‘ਤੇ ਨਜ਼ਰ ਆ ਰਹੀ ਹੈ। ਦਿੱਲੀ ਦੀਆਂ ਨਗਰ ਨਿਗਮ ਚੋਣਾਂ ਸਿਰ ‘ਤੇ ਹਨ ਅਤੇ ਅਜਿਹੇ ‘ਚ ਪਾਰਟੀ ‘ਚ ਚੱਲ ਰਿਹਾ ਗ੍ਰਹਿ ਯੁੱਧ ਕੇਜਰੀਵਾਲ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ। ਹਾਲ ਹੀ ‘ਚ ‘ਆਪ’ ਵਿਧਾਇਕ ਵੇਦ ਪ੍ਰਕਾਸ਼ ਨੇ ਪਾਰਟੀ ਦਾ ਸਾਥ ਛੱਡ ਕੇ ਭਾਜਪਾ ਦਾ ਹੱਥ ਫੜ ਲਿਆ ਸੀ ਅਤੇ ਪਾਰਟੀ ‘ਤੇ ਕਈ ਦੋਸ਼ ਲਾਏ ਸਨ।
ਹੁਣ ਖਬਰ ਆ ਰਹੀ ਹੈ ਕਿ ਪਾਰਟੀ ਦੇ ਕੁਝ ਹੋਰ ਵਿਧਾਇਕ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਕਾਂਗਰਸ ਜਾਂ ਭਾਜਪਾ ਦਾ ਹੱਥ ਫੜ ਸਕਦੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਤਾਂ ਚਾਰ ਵਿਧਾਇਕਾਂ ਦੀ ਕਾਂਗਰਸ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਹ ਜਲਦ ਪਾਰਟੀ ਬਦਲ ਸਕਦੇ ਹਨ। ਹਾਲ ਹੀ ‘ਚ ਇਨ੍ਹਾਂ 4 ਵਿਧਾਇਕਾਂ ਨੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਬੈਠਕ ਵੀ ਕੀਤੀ ਹੈ। ਅਜਿਹੇ ‘ਚ ਹੁਣ ਖਬਰ ਆ ਰਹੀ ਹੈ ਕਿ ਪੰਜਾਬ ਅਤੇ ਗੋਆ ਦੀ ਕਰਾਰੀ ਹਾਰ ਤੋਂ ਬਾਅਦ ਪਾਰਟੀ ‘ਚ ਅਸੰਤੋਸ਼ ਦੀ ਭਾਵਨਾ ਪੈਦਾ ਹੋਈ ਹੈ।
ਦੂਜੀ ਪਾਰਟੀ ‘ਚ ਕੇਜਰੀਵਾਲ ਦੀ ਤਾਨਾਸ਼ਾਹੀ ਵੀ ਕਈ ਲੋਕਾਂ ਨੂੰ ਹੁਣ ਖਲਣ ਲੱਗ ਗਈ ਹੈ। ਸੂਤਰਾਂ ਅਨੁਸਾਰ ਤਾਂ ‘ਆਪ’ ਦੇ 30 ਹੋਰ ਵਿਧਾਇਕ ਵੀ ਪਾਲਾ ਬਦਲ ਸਕਦੇ ਹਨ। ਮੀਡੀਆ ਰਿਪੋਰਟਸ ਦਾ ਤਾਂ ਇਹ ਵੀ ਕਹਿਣਾ ਹੈ ਕਿ ਜਿਨ੍ਹਾਂ 4 ਵਿਧਾਇਕਾਂ ਨੇ ਕਾਂਗਰਸ ਦੇ ਨੇਤਾਵਾਂ ਨਾਲ ਬੈਠਕ ਕੀਤੀ ਹੈ, ਉਨ੍ਹਾਂ ਨੇ ਪਾਰਟੀ ਦੇ ਹੋਰ 30 ਵਿਧਾਇਕਾਂ ਨੂੰ ਤੋੜਨ ਦੀ ਵੀ ਗੱਲ ਕਹੀ ਹੈ। ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਅਰਵਿੰਦ ਕੇਜਰੀਵਾਲ ਆਪਣੀ ਪਾਰਟੀ ਨੂੰ ਕਿਵੇਂ ਬਚਾਉਂਦੇ ਹਨ।