ਘਟੇਗਾ ਮਾਪਿਆਂ ‘ਤੇ ਬੋਝ, ਚਾਈਲਡ ਕੇਅਰ ਰਿਸਰਚ ‘ਤੇ ਵੱਡੀ ਰਕਮ ਖਰਚ ਕਰਨਗੇ ਟਰੂਡੋ!

ਟੋਰਾਂਟੋ— ਕੈਨੇਡਾ ਵਿਚ ਬੱਚਿਆਂ ਨੂੰ ਪਾਲਣਾ ਸ਼ਾਇਦ ਦੁਨੀਆ ਵਿਚ ਸਭ ਤੋਂ ਮਹਿੰਗਾ ਹੈ। ਬੱਚਿਆਂ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਦੇਖਭਾਲ ‘ਤੇ ਮਾਪਿਆਂ ਵੱਲੋਂ ਵੱਡੀ ਰਕਮ ਖਰਚੀ ਜਾਂਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਟੀਚਾ ਚਾਈਲਡ ਕੇਅਰ ‘ਤੇ ਵੱਡੀ ਰਕਮ ਖਰਚ ਕਰਕੇ ਮਾਪਿਆਂ ‘ਤੇ ਵਧਦੇ ਹੋਏ ਇਸ ਬੋਝ ਨੂੰ ਘਟਾਉਣਾ ਹੈ। ਪਾਰਟੀ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਚਾਈਲਡ ਕੇਅਰ ਰਿਸਰਚ ‘ਤੇ 195 ਮਿਲੀਅਨ ਡਾਲਰ ਯਾਨੀ ਕਿ ਕਰੀਬ 9 ਅਰਬ ਰੁਪਏ ਖਰਚ ਕੀਤੇ ਜਾਣਗੇ। ਇਸ ਦਾ ਮਕਸਦ ਚਾਈਲਡ ਕੇਅਰ ਵਿਚ ਰਹਿ ਰਹੀਆਂ ਕਮੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਦੂਰ ਕਰਨਾ ਹੋਵੇਗਾ।
ਹਾਲ ਹੀ ਵਿਚ ਬਜਟ ਵਿਚ ਚਾਈਲਡ ਕੇਅਰ ਲਈ 7 ਬਿਲੀਅਨ ਡਾਲਰ ਦੀ ਵੱਡੀ ਰਕਮ ਖਰਚ ਕਰਨ ਦਾ ਐਲਾਨ ਕੀਤਾ ਗਿਆ। ਇਹ ਰਕਮ ਇਕ ਦਹਾਕੇ ਦੇ ਸਮੇਂ ਦੌਰਾਨ ਖਰਚੀ ਜਾਵੇਗੀ। ਚਾਈਲਡ ਕੇਅਰ ਰਿਸਰਚ ਲਈ ਵੀ ਰਕਮ ਇਸੇ ਐਲਾਨੀ ਗਈ ਰਕਮ ‘ਚੋਂ ਆਵੇਗੀ। ਬਜਟ ਮੁਤਾਬਕ ਹਰ ਸਾਲ ਚਾਈਲਡ ਕੇਅਰ ‘ਤੇ 20000 ਡਾਲਰ ਦਾ ਖਰਚਾ ਆਉਂਦਾ ਹੈ। ਇਸ ਦਾ ਸਿੱਧਾ ਨਤੀਜਾ ਇਹ ਹੁੰਦਾ ਹੈ ਕਿ ਮਾਪਿਆਂ ਨੂੰ ਵੱਡੀ ਰਕਮ ਬੱਚਿਆਂ ਦੀ ਦੇਖਭਾਲ ‘ਤੇ ਖਰਚ ਕਰਨੀ ਪੈਂਦੀ ਹੈ। ਇਸ ਲਈ ਉਹ ਆਪਣੀ ਰਿਟਾਇਰਮੈਂਟ ਲਈ ਰਕਮ ਵੀ ਨਹੀਂ ਜੋੜ ਪਾਉਂਦੇ ਜਾਂ ਫਿਰ ਮਾਤਾ-ਪਿਤਾ ‘ਚੋਂ ਕਿਸੇ ਇਕ ਨੂੰ ਬੱਚਿਆਂ ਦੀ ਦੇਖਭਾਲ ਲਈ ਆਪਣੀ ਨੌਕਰੀ ਛੱਡਣੀ ਪੈਂਦੀ ਹੈ। ਚਾਈਲਡ ਕੇਅਰ ‘ਤੇ ਰਿਸਰਚ ਕਰਕੇ ਪਤਾ ਕੀਤਾ ਜਾਵੇਗਾ ਕਿੰਨਾਂ ਮਾਮਲਿਆਂ ਵਿਚ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਹੋ ਸਕੇ। ਇਸ ਰਕਮ ਦਾ ਇਕ ਹਿੱਸਾ ਇੰਡੀਜੀਨੀਅਸ ਭਾਈਚਾਰੇ ਦੇ ਬੱਚਿਆਂ ਲਈ ਵੀ ਫੰਡ ਦੇ ਰੂਪ ਵਿਚ ਰੱਖਿਆ ਜਾਵੇਗਾ।