ਯੋਗੀ ਦੀ ਕਾਰਵਾਈ, ਚਮੜਾ ਉਦਯੋਗ ਦੀ ‘ਸ਼ਾਮਤ’ ਆਈ!

2017_3image_14_47_4287600001-ll

ਕਾਨਪੁਰ— ਉੱਤਰ ਪ੍ਰਦੇਸ਼ ‘ਚ ਗੈਰ-ਕਾਨੂੰਨੀ ਬੂਚੜਖਾਨੇ ਬੰਦ ਹੋਣ ਤੋਂ ਬਾਅਦ ਹੁਣ ਭਾਜਪਾ ਸ਼ਾਸਤ ਹੋਰ ਸੂਬਿਆਂ-ਝਾਰਖੰਡ, ਰਾਜਸਥਾਨ, ਛੱਤੀਸਗੜ੍ਹ ਅਤੇ ਉਤਰਾਖੰਡ ‘ਚ ਵੀ ਇਨ੍ਹਾਂ ‘ਤੇ ਰੋਕ ਲਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਕਾਰਨ ਚਮੜਾ ਉਦਯੋਗ ਦੀ ਚਿੰਤਾ ਵਧ ਗਈ ਹੈ। ਉੱਤਰ ਪ੍ਰਦੇਸ਼ ‘ਚ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਹੁਕਮ ਤੋਂ ਬਾਅਦ ਜਿੱਥੇ ਗੈਰ-ਕਾਨੂੰਨੀ ਬੂਚੜਖਾਨਿਆਂ ‘ਤੇ ਤਾਲਾ ਲਟਕ ਗਿਆ ਹੈ, ਉੱਥੇ ਹੀ ਬਿਨਾਂ ਲਾਈਸੈਂਸ ਦੇ ਗਲੀ-ਮੁਹੱਲਿਆਂ ‘ਚ ਚੱਲਣ ਵਾਲੀਆਂ ਮਾਸ ਦੀਆਂ ਦੁਕਾਨਾਂ ਵੀ ਬੰਦ ਹੋ ਗਈਆਂ ਹਨ। ਇਸ ਦਾ ਅਸਰ ਪਸ਼ੂਆਂ ਦੀ ਖੱਲ ਦੀਆਂ ਕੀਮਤਾਂ ‘ਤੇ ਪੈ ਰਿਹਾ, ਜੋ ਚਮੜਾ ਉਦਯੋਗ ਦਾ ਮੁੱਖ ਕੱਚਾ ਮਾਲ ਹੈ।
ਚਮੜੇ ਦਾ ਸਾਮਾਨ ਹੋਵੇਗਾ ਮਹਿੰਗਾ
ਦੇਸ਼ ਦੇ ਪ੍ਰਮੁੱਖ ਚਮੜਾ ਕੇਂਦਰ ‘ਚ ਸ਼ਾਮਲ ਕਾਨਪੁਰ ਸਮੇਤ ਪੂਰੇ ਸੂਬੇ ‘ਚ ਪਸ਼ੂਆਂ ਦੀ ਖੱਲ ਮਹਿੰਗੀ ਹੋਣ ਲੱਗੀ ਹੈ। ਹੁਣ ਖੱਲ ਦੀ ਕੀਮਤ 2,500 ਤੋਂ 2,600 ਰੁਪਏ ਤਕ ਪਹੁੰਚ ਗਈ ਹੈ, ਜਦੋਂ ਕਿ ਪਹਿਲਾਂ ਇਹ 2,200 ਤੋਂ 2,300 ਰੁਪਏ ‘ਚ ਆਸਾਨੀ ਨਾਲ ਮਿਲ ਜਾਂਦੀ ਸੀ। ਮੁੱਖ ਮੰਤਰੀ ਯੋਗੀ ਦੀ ਸਖਤ ਕਾਰਵਾਈ ਕਾਰਨ ਚਮੜਾ ਕਾਰੋਬਾਰੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਸ਼ੂਆਂ ਦੀ ਖੱਲ ਪਹਿਲਾਂ ਹੀ ਬਹੁਤ ਮਹਿੰਗੀ ਸੀ ਅਤੇ ਹੁਣ ਹੋਰ ਮਹਿੰਗੀ ਹੋਣ ਕਾਰਨ ਪ੍ਰੇਸ਼ਾਨੀ ਵੀ ਹੋਰ ਜ਼ਿਆਦਾ ਵਧ ਗਈ ਹੈ। ਇਸ ਕਾਰਨ ਤਾਂ ਚਮੜੇ ਦੇ ਸਾਮਾਨ ਮਹਿੰਗੇ ਹੋ ਜਾਣਗੇ ਅਤੇ ਘਰੇਲੂ ਬਾਜ਼ਾਰ ਤੋਂ ਇਲਾਵਾ ਕੌਮਾਂਤਰੀ ਬਾਜ਼ਾਰ ‘ਚ ਮੁਕਾਬਲਾ ਕਰਨ ‘ਤੇ ਅਸਰ ਪਵੇਗਾ। ਇਕ ਕਾਰੋਬਾਰੀ ਮੁਤਾਬਕ ਚਮੜੇ ਦੀ ਸਭ ਤੋਂ ਜ਼ਿਆਦਾ ਵਰਤੋਂ ਜੁੱਤੀਆਂ ਬਣਾਉਣ ‘ਚ ਕੀਤੀ ਜਾਂਦੀ ਹੈ। ਉਨ੍ਹਾਂ ਮੁਤਾਬਕ, ਬੱਕਰੇ ਅਤੇ ਬੱਕਰੀ ਦੀ ਖੱਲ ਤੋਂ ਜੈਕੇਟ ਆਦਿ ਬਣਦੇ ਹਨ ਪਰ ਸੀਜ਼ਨ ਨਾ ਹੋਣ ਕਾਰਨ ਇਨ੍ਹਾਂ ਦੀ ਮੰਗ ਨਹੀਂ ਹੈ। ਇਸ ਲਈ ਇਨ੍ਹਾਂ ਖੱਲਾਂ ਦੇ ਮੁੱਲ ਨਹੀਂ ਵਧੇ ਹਨ।