ਸੰਯੁਕਤ ਰਾਸ਼ਟਰ ਦੇ ਸੰਬੰਧ ‘ਚ ਇਜ਼ਰਾਈਲ ਨੇ ਲਿਆ ਵੱਡਾ ਫੈਸਲਾ

ਯੇਰੂਸ਼ਲਮ— ਇਜ਼ਰਾਈਲ ਨੇ ਆਪਣਾ ਵਿਰੋਧ ਪ੍ਰਗਟ ਕਰਦੇ ਹੋਏ ਸੰਯੁਕਤ ਰਾਸ਼ਟਰ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ‘ਚ 20 ਲੱਖ ਅਮਰੀਕੀ ਡਾਲਰ ਦੀ ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਇਜ਼ਰਾਈਲ ਨੇ ਇਹ ਫੈਸਲਾ ਸੰਯੁਕਤ ਰਾਸ਼ਟਰ ਦੇ ਵੱਖ-ਵੱਖ ਮੰਚਾਂ ‘ਤੇ ਉਸ ਦੇ ਖਿਲਾਫ਼ ਪਾਸ ਕੀਤੇ ਗਏ ਪ੍ਰਸਤਾਵਾਂ ਦੇ ਵਿਰੋਧ ‘ਚ ਲਿਆ ਗਿਆ ਹੈ। ਪ੍ਰਧਾਨ ਮੰਤਰੀ ਬੈਨਯਾਮੀਨ ਨੇਤਨਯਾਹੂ ਨੇ ਵਿਦੇਸ਼ ਮੰਤਰਾਲੇ ਨੂੰ ਆਦੇਸ਼ ਦੇ ਕੇ ਸੰਯੁਕਤ ਰਾਸ਼ਟਰ ਨੂੰ ਇਜ਼ਰਾਈਲ ਵੱਲੋਂ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ‘ਚ ਕਟੌਤੀ ਕਰਨ ਦਾ ਆਦੇਸ਼ ਦਿੱਤਾ ਹੈ। ਨੇਤਨਯਾਹੂ ਨੇ ਮੰਤਰਾਲੇ ਨੂੰ ਆਦੇਸ਼ ਦੇ ਕੇ ਇਹ ਆਰਥਿਕ ਮਦਦ ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੂੰ ਮੁਹੱਈਆ ਕਰਾਉਣ ਲਈ ਕਿਹਾ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਸੰਗਠਨਾਂ ‘ਚ ਵੱਖ-ਵੱਖ ਮੁੱਦਿਆਂ ‘ਤੇ ਇਜ਼ਰਾਈਲ ਦਾ ਸਮਰਥਨ ਕੀਤਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ‘ਚ ਇਜ਼ਰਾਈਲ ਦੇ ਵਿਰੋਧ ‘ਚ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।