ਅਕਾਲੀ ਦਲ ਨਹੀਂ ਮੰਨਦਾ ਚੋਣ ਜ਼ਾਬਤੇ ਦੇ ਨਿਯਮਾਂ ਨੂੰ, ਸ਼ਰੇਆਮ ਉੱਡ ਰਹੀਆਂ ਨਿਯਮਾਂ ਦੀਆਂ ਧੱਜੀਆਂ

default (1)

ਜਲਾਲਾਬਾਦ – : ਭਾਵੇਂ ਚੋਣ ਕਮਿਸ਼ਨ ਵਲੋਂ ਸਿਆਸੀ ਪਾਰਟੀਆਂ ਨੂੰ ਨਿਯਮਾਂ ਦਾ ਪਾਲਣ ਕਰਨ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਪਰ ਕਿਧਰੇ ਨਾ ਕਿਧਰੇ ਸਿਆਸੀ ਪਾਰਟੀਆਂ ਇਨ੍ਹਾਂ ਨਿਯਮਾਂ ਨੂੰ ਹਲਕੇ ਵਿਚ ਲੈ ਕੇ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾ ਰਹੀਆਂ ਹਨ। ਤਾਜ਼ਾ ਮਿਸਾਲ ਫਾਜ਼ਿਲਕਾ ਫਿਰੋਜ਼ਪੁਰ ਰੋਡ ‘ਤੇ ਅਨਾਜ ਮੰਡੀ ਦੀ ਦੀਵਾਰ ਨਾਲ ਅਤੇ ਸਰਕਾਰੀ ਬਿਜਲੀ ਬੋਰਡ ਦੇ ਖੰਬਿਆਂ ਦੇ ਲੱਗੇ ਹੋਏ ਪੋਸਟਰਾਂ ਤੋਂ ਮਿਲਦੀ ਹੈ ਕਿਉਂਕਿ ਇਨ੍ਹਾਂ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਪੋਸਟਰ ਲੱਗੇ ਹੋਏ ਹਨ।
ਇਥੇ ਦੱਸਣਯੋਗ ਹੈ ਕਿ ਕੋਈ ਵੀ ਸਿਆਸੀ ਪਾਰਟੀ ਆਪਣਾ ਇਸ਼ਤਿਹਾਰ ਕਿਸੇ ਵੀ ਸਰਕਾਰੀ ਜਾਇਦਾਦ ‘ਤੇ ਨਹੀਂ ਲਗਾ ਸਕਦੀ। ਇਸ ਤੋਂ ਇਲਾਵਾ ਜੇਕਰ ਕਿਸੇ ਨੇ ਨਿੱਜੀ ਸਥਾਨ ‘ਤੇ ਵੀ ਪੋਸਟਰ ਲਗਾਉਣਾ ਹੈ ਤਾਂ ਉਸ ਦੇ ਤਹਿਤ ਵੀ ਮਨਜ਼ੂਰੀ ਲੈਣੀ ਜ਼ਰੂਰੀ ਹੈ ਪਰ ਜੋ ਦ੍ਰਿਸ਼ ਜਲਾਲਾਬਾਦ ‘ਚ ਦੇਖਣ ਨੂੰ ਮਿਲ ਰਹੇ ਹਨ, ਉਸ ਤੋਂ ਇੰਝ ਲੱਗ ਰਿਹਾ ਹੈ ਕਿ ਚੋਣ ਜ਼ਾਬਤੇ ਦੇ ਨਿਯਮਾਂ ਨੂੰ ਅਕਾਲੀ ਦਲ ਹਲਕੇ ਵਿਚ ਲੈ ਰਿਹਾ ਹੈ।
ਇਸ ਸੰਬੰਧੀ ਜਦੋਂ ਕਮ ਰਿਟਰਨਿੰਗ ਅਧਿਕਾਰੀ ਅਵਿਕੇਸ਼ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਕਿਹਾ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਸਰਕਾਰੀ ਬਿਲਡਿੰਗਾਂ ਅਤੇ ਖੰਬਿਆਂ ‘ਤੇ ਕੁਝ ਸਿਆਸੀ ਪਾਰਟੀਆਂ ਵਲੋਂ ਪੋਸਟਰ ਲਗਾਏ ਗਏ ਹਨ ਅਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਉਤਾਰਣ ਦਾ ਕੰਮ ਜਾਰੀ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਸੰਬੰਧਤ ਪਾਰਟੀਆਂ ਨੂੰ ਨੋਟਿਸ ਵੀ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਨਿੱਜੀ ਜਗ੍ਹਾ ‘ਤੇ ਵੀ ਪੋਸਟਰ ਲੱਗੇ ਹਨ ਅਤੇ ਉਨ੍ਹਾ ਦੀ ਸਹਿਮਤੀ ਨਹੀਂ ਲਈ ਗਈ ਤਾਂ ਬਾਬਤ ਵੀ ਕਾਰਵਾਈ ਕੀਤੀ ਜਾਵੇਗੀ।