ਆਟਾ-ਦਾਲ ਸਕੀਮ ਲਈ ਖ਼ਰੀਦੀ ਜਾ ਰਹੀ ਕਣਕ ਦਾ ਘਪਲਾ

ਸੰਗਰੂਰ,-ਪੰਜਾਬ ਸਰਕਾਰ ਦੀ ਆਟਾ ਦਾਲ ਸਕੀਮ ਲਈ ਖ਼ਰੀਦੀ ਜਾ ਰਹੀ ਕਣਕ ਦਾ ਘਪਲਾ ਸੰਗਰੂਰ ਵਿਚ ਸਾਹਮਣੇ ਆਉਣ ਤੋਂ ਬਾਅਦ ਸਾਰੇ ਪੰਜਾਬ ਦੇ ਪਨਗਰੇਨ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ | ਬੇਸ਼ੱਕ ਪਨਗਰੇਨ ਦੇ ਉੱਚ ਅਧਿਕਾਰੀ ਇਸ ਮਾਮਲੇ ਤੋਂ ਅਨਜਾਣਤਾ ਪ੍ਰਗਟਾ ਰਹੇ ਹਨ ਪਰ ਜਿਉਂ-ਜਿਉਂ ਸੰਗਰੂਰ ਵਿਖੇ ਹੋਏ ਘਪਲੇ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ, ਤਿਉਂ-ਤਿਉਂ ਵਿਭਾਗ ‘ਚ ਪੁਰਾ ਹੜਕੰਪ ਮੱਚ ਰਿਹਾ ਹੈ | ਸੰਗਰੂਰ ਵਿਖੇ ਕਰੋੜਾਂ ਰੁਪਏ ਦੇ ਹੋ ਰਹੇ ਇਸ ਘਪਲੇ ਦੇ ਉਜਾਗਰ ਹੋਣ ਤੋਂ ਬਾਅਦ ਅਨਾਜ ਮੰਡੀ ਸੰਗਰੂਰ ਦੇ ਚਾਰ ਆੜ੍ਹਤੀਆਂ ਦੇ ਲਾਇਸੰਸ ਰੱਦ ਕਰਨ ਦੇ ਨਾਲ ਹੀ ਖ਼ਰੀਦ ਏਜੰਸੀ ਪਨਗਰੇਨ ਦੇ ਇੱਕ ਇੰਸਪੈਕਟਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ | ਆੜ੍ਹਤੀਆਂ ਦੇ ਰੱਦ ਹੋਏ ਲਾਇਸੰਸਾਂ ‘ਚ ਇੱਕ ਦੁਕਾਨ ਮਾਰਕੀਟ ਕਮੇਟੀ ਸੰਗਰੂਰ ਦੇ ਉਪ ਚੇਅਰਮੈਨ ਤੇ ਇੱਕ ਆੜ੍ਹਤੀ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਦੀ ਦੱਸੀ ਜਾ ਰਹੀ ਹੈ | ਅੱਜ ਇਨ੍ਹਾਂ ਚਾਰ ਆੜ੍ਹਤੀਆਂ ਦੇ ਚਾਰ ਤੋਲਿਆਂ ਦੇ ਲਾਇਸੰਸ ਵੀ ਰੱਦ ਕਰ ਦਿੱਤੇ ਗਏ ਹਨ, ਉੱਧਰ ਆਟਾ ਦਾਲ ਸਕੀਮ ਦੀ ਕਣਕ ਦੇ ਥੈਲਿਆਂ ‘ਚੋਂ ਲਏ ਸੈਂਪਲਾਂ ਵਿਚੋਂ ਇੱਕ ਦੇ ਫ਼ੇਲ੍ਹ ਹੋਣ ਬਾਰੇ ਵੀ ਖ਼ਬਰ ਆ ਰਹੀ ਹੈ | ਉੱਧਰ ਇਸ ਘਪਲੇ ਨੂੰ ਲੈ ਕੇ ਲੀਪਾ ਪੋਚੀ ਦਾ ਮਾਹੌਲ ਜਾਰੀ ਹੈ | ਉੱਚ ਪੱਧਰੀ ਸੂਤਰਾਂ ਅਨੁਸਾਰ ਅੱਜ ਬੇਸ਼ੱਕ ਫੂਡ ਸਪਲਾਈ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਇਸ ਮਾਮਲੇ ਨੂੰ ਲੈ ਕੇ ਸੰਗਰੂਰ ਪੁੱਜ ਕੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਹੈ ਪਰ ਇਸ ਦੌਰੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਣਾ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਹੋਰ ਵੀ ਸ਼ੱਕੀ ਬਣਾਉਂਦਾ ਹੈ | 23 ਅਪ੍ਰੈਲ ਨੂੰ ਆਟਾ ਦਾਲ ਸਕੀਮ ਲਈ ਖ਼ਰੀਦੀ ਜਾ ਰਹੀ ਕਣਕ ਦੇ ਘਪਲੇ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਕੋਲ ਸ਼ਿਕਾਇਤ ਆਉਣ ਤੋਂ ਬਾਅਦ ਆੜ੍ਹਤੀਆਂ ਦੇ ਫੜਾਂ ਤੋਂ ਇਲਾਵਾ ਪਨਗਰੇਨ ਦੇ ਡੰਪ ਵਿਖੇ ਚੈਕਿੰਗ ਕਰਨ ਤੋਂ ਬਾਅਦ 30 ਕਿੱਲੋ ਕਣਕ ਦੇ ਥੈਲਿਆਂ ‘ਚ 2 ਤੋਂ 2.5 ਕਿੱਲੋਗਰਾਮ ਤੱਕ ਕਣਕ ਘੱਟ ਪਾਈ ਗਈ ਤੇ ਬੋਰੀਆਂ ਵਿਚ ਕਣਕ ਨੂੰ ਬਗੈਰ ਝਾਰੇ ਹੀ ਭਰਿਆ ਹੋਇਆ ਸੀ | ਉਸ ਤੋਂ ਬਾਅਦ ਇੱਕ ਆੜ੍ਹਤੀਏ ਦੇ ਫੜ ਉੱਤੇ ਪਨਗਰੇਨ ਵੱਲੋਂ ਖ਼ਰੀਦੀ ਕਣਕ ਦੇ ਥੈਲਿਆਂ ਨੂੰ ਜਿਨ੍ਹਾਂ ਵਿਚ ਔਸਤਨ 28 ਕਿੱਲੋ ਕਣਕ ਭਰੀ ਗਈ ਸੀ, ਫਿਰ ਤੋਂ ਖੋਲ੍ਹ ਕੇ ਪੂਰਾ ਕਰਨ ਦਾ ਮਾਮਲਾ ਚਿੱਟੇ ਦਿਨ ਸਾਹਮਣੇ ਆਇਆ |
ਵਿਭਾਗੀ ਟੀਮ ਵੱਲੋਂ ਨਾਟਕੀ ਜਾਂਚ ਸ਼ੁਰੂ -ਜ਼ਿਲ੍ਹਾ ਸੰਗਰੂਰ ਦੀਆਂ ਹੀ ਕੁੱਝ ਤਹਿਸੀਲਾਂ ਦੇ ਪਨਗਰੇਨ ਦੇ ਅਧਿਕਾਰੀਆਂ ਦੀ ਟੀਮ ਨੇ ਹੋਏ ਘਪਲੇ ਦੀ ਨਾਟਕੀ ਜਾਂਚ ਸ਼ੁਰੂ ਕਰ ਦਿੱਤੀ ਹੈ | ਟੀਮ ਜਿਸ ‘ਚ ਰਣਜੀਤ ਸਿੰਘ ਏ.ਐਫ.ਐਸ.ਓ. ਸੁਨਾਮ, ਮੁਕੇਸ਼ ਗਰਗ ਏ.ਐਫ.ਐਸ.ਓ. ਸ਼ੇਰਪੁਰ, ਰਾਜਨ ਗੁਪਤਾ ਏ.ਐਫ.ਐਸ.ਓ. ਧੂਰੀ ਅਤੇ ਤਿੰਨ ਇੰਸਪੈਕਟਰ ਸ਼ਾਮਲ ਹਨ, ਨੇ ਬਗੈਰ ਕਿਸੇ ਵੀਡਿਓਗ੍ਰਾਫੀ ਤੋਂ ਜਾਂਚ ਸ਼ੁਰੂ ਕਰਦਿਆਂ ਉਭਾਵਾਲ ਰੋਡ ਉੱਤੇ ਪਨਗਰੇਨ ਦੇ ਕਿਰਾਏ ਉੱਤੇ ਲਏ ਖੁੱਲ੍ਹੇ ਗੋਦਾਮ ਵਿਖੇ ਥੈਲਿਆਂ ਦਾ ਵਜ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ | ਵਜ਼ਨ ਕੀਤੇ ਜਾ ਰਹੇ ਥੈਲਿਆਂ ‘ਤੇ ਸੀਰੀਅਲ ਨੰ-ਜ਼ਰੂਰ ਲਿਖਿਆ ਜਾ ਰਿਹਾ ਹੈ ਪਰ ਕੋਈ ਵਜ਼ਨ ਨਹੀਂ ਲਿਖਿਆ ਜਾ ਰਿਹਾ | ਕੀਤੀ ਜਾ ਰਹੀ ਇਸ ਜਾਂਚ ਉੱਤੇ ਸਵਾਲ ਉਠਾਉਂਦਿਆਂ ਘਪਲੇ ਨੂੰ ਉਜਾਗਰ ਕਰਨ ਵਾਲੇ ਸ੍ਰੀ ਵਿਜੈ ਗੁਪਤਾ ਦਾ ਕਹਿਣਾ ਹੈ ਕਿ ਇਹ ਸਿਰਫ਼ ਲੀਪਾ ਪੋਚੀ ਕੀਤੀ ਜਾ ਰਹੀ ਹੈ |
ਕਿੰਨੀ ਕੁ ਹੋਈ ਹੈ ਕਾਰਵਾਈ- ਇਸ ਘਪਲੇ ਦੇ ਸੰਬੰਧ ‘ਚ ਅਨਾਜ ਮੰਡੀ ਸੰਗਰੂਰ ਦੇ ਚਾਰ ਆੜ੍ਹਤੀਆਂ ਜਗਨਨਾਥ ਭੀਮ ਸੈਨ ਕਮਿਸ਼ਨ ਏਜੰਟ ਸੰਗਰੂਰ, ਸੁਰਿੰਦਰ ਕੁਮਾਰ ਸ਼ਾਮ ਲਾਲ ਕਮਿਸ਼ਨ ਏਜੰਟ ਸੰਗਰੂਰ, ਨਵੀਨ ਕੁਮਾਰ ਅਰੁਨ ਕੁਮਾਰ ਸੰਗਰੂਰ ਤੇ ਕ੍ਰਿਸ਼ਨਾ ਟਰੇਡਰਜ਼ ਸੰਗਰੂਰ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਇਨ੍ਹਾਂ ਦੇ ਚਾਰ ਤੋਲਿਆਂ ਦੇ ਲਾਇਸੰਸ ਵੀ ਰੱਦ ਕਰ ਦਿੱਤੇ ਗਏ ਹਨ | ਓਧਰ ਫੂਡ ਸਪਲਾਈ ਵਿਭਾਗ ਦੇ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਦਾ ਕਹਿਣਾ ਹੈ ਕਿ ਪਨਗਰੇਨ ਦੇ ਇੰਸਪੈਕਟਰ ਰਜੇਸ਼ ਬਾਂਸਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ |
ਮਾਰਕਿਟ ਕਮੇਟੀ ਦੇ ਉਪ ਚੇਅਰਮੈਨ ਦੇ ਅਸਤੀਫ਼ੇ ਦੀ ਵੀ ਉੱਠ ਰਹੀ ਹੈ ਮੰਗ- ਆੜ੍ਹਤੀਆਂ ਦੇ ਰੱਦ ਹੋਏ ਲਾਇਸੰਸਾਂ ‘ਚ ਇੱਕ ਦੁਕਾਨ ਮਾਰਕਿਟ ਕਮੇਟੀ ਸੰਗਰੂਰ ਦੇ ਉਪ ਚੇਅਰਮੈਨ ਸ਼ਾਮ ਲਾਲ ਦੀ ਹੈ ਜਿਸ ਬਾਰੇ ਅਨਾਜ ਮੰਡੀ ਸੰਗਰੂਰ ਵਿਚ ਜ਼ੋਰਾਂ ਸ਼ੋਰਾਂ ਨਾਲ ਚਰਚਾਂ ਚੱਲ ਰਹੀ ਹੈ ਕਿ ਉਸ ਨੂੰ ਨੈਤਿਕਤਾ ਦੇ ਆਧਾਰ ‘ਤੇ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ | ਇਸ ਸੰਬੰਧੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਦਾ ਕਹਿਣਾ ਹੈ ਕਿ ਹੁਣ ਜਦੋਂ ਸੰਗਰੂਰ ਮਾਰਕਿਟ ਕਮੇਟੀ ਦੇ ਵਾਈਸ ਚੇਅਰਮੈਨ ਦੀ ਆੜ੍ਹਤ ਦੀ ਦੁਕਾਨ ਦਾ ਲਾਇਸੰਸ ਹੀ ਰੱਦ ਹੋ ਗਿਆ ਹੈ ਤਾਂ ਉਸ ਨੰੂ ਆਪਣੇ ਅਹੁਦੇ ਉੱਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਫਿਰ ਵੀ ਉਹ ਕੱਲ੍ਹ ਨੂੰ ਮੰਡੀਕਰਨ ਬੋਰਡ ਦੇ ਨਿਯਮਾਂ ਦੀ ਪੜਚੋਲ ਕਰਨਗੇ ਜਿਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ |