ਆਤਮਾ ਸਿੰਘ ਸਿੱਧੂ ਜ਼ਿਲ੍ਹਾ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਫ਼ਰੀਦਕੋਟ, -ਜ਼ਿਲ੍ਹਾ ਫ਼ਰੀਦਕੋਟ ਦੇ ਪੈਨਸ਼ਨਰਜ਼ ਦੀ ਇਕੱਤਰਤਾ ਸੂਚਨਾ ਕੇਂਦਰ ਨੇੜੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਵਿਖੇ ਹੋਈ | ਇਸ ਮੀਟਿੰਗ ‘ਚ ਸਮੁੱਚੇ ਜ਼ਿਲ੍ਹੇ ਦੇ ਪੈਨਸ਼ਨਰਜ਼ ਦੀ ਨੁਮਾਇੰਦਗੀ ਕਰਦੇ ਹੋਏ ਕੋਟਕਪੂਰਾ, ਜੈਤੋ ਤੇ ਫ਼ਰੀਦਕੋਟ ਦੇ ਐਸੋਸੀਏਸ਼ਨ ਦੇ ਕਾਰਜਕਾਰਨੀ ਮੈਂਬਰਾਂ ਨੇ ਭਾਗ ਲਿਆ | ਮੀਟਿੰਗ ਦੀ ਕਾਰਵਾਈ ਆਰੰਭ ਕਰਨ ਤੋਂ ਪਹਿਲਾਂ ਪਿਛਲੇ ਕਾਰਜਕਾਰੀ ਅਹੁਦੇਦਾਰਾਂ ਨੇ ਮਿਆਦ ਖ਼ਤਮ ਹੋਣ ਕਰਕੇ ਅਸਤੀਫ਼ੇ ਦਿੱਤੇ ਅਤੇ ਪਹਿਲੇ ਪ੍ਰਧਾਨ ਸਾਧੂ ਰਾਮ ਬਾਂਸਲ ਨੇ ਉਨ੍ਹਾਂ ਦੌਰਾਨ ਕੀਤੀ ਗਈ ਕਾਰਗੁਜ਼ਾਰੀ ‘ਤੇ ਚਾਨਣਾ ਪਾਇਆ | ਹਾਜ਼ਰੀਨ ਪੈਨਸ਼ਨਰਾਂ ਦੀ ਹਾਜ਼ਰੀ ‘ਚ ਆਬਜ਼ਰਵਰ ਧਰਮਪਾਲ ਨਿਯੁਕਤ ਕੀਤੇ ਗਏ | ਇਨ੍ਹਾਂ ਵੱਲੋਂ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ਤੇ ਸਭ ਤੋਂ ਪਹਿਲਾਂ ਸਰਬਸੰਮਤੀ ਨਾਲ ਆਤਮਾ ਸਿੰਘ ਸਿੱਧੂ ਨੂੰ ਪ੍ਰਧਾਨ ਚੁਣਿਆ ਗਿਆ | ਇਸੇ ਤਰ੍ਹਾਂ ਦੂਜੇ ਅਹੁਦੇਦਾਰਾਂ ਜਿਵੇਂ ਜਰਨੈਲ ਸਿੰਘ (ਜਨਰਲ ਸਕੱਤਰ), ਜਗਦੀਸ਼ ਰਾਏ (ਮੀਤ ਪ੍ਰਧਾਨ), ਮਹਿੰਦਰ ਸਿੰਘ (ਮੀਤ ਪ੍ਰਧਾਨ), ਸੰਤ ਸਿੰਘ (ਸੰਯੁਕਤ ਸਕੱਤਰ), ਬਿਸ਼ਨ ਕੁਮਾਰ (ਖ਼ਜ਼ਾਨਚੀ), ਬਲਵੰਤ ਰਾਏ (ਕਾਨੂੰਨੀ ਸਲਾਹਕਾਰ), ਮਨੋਹਰ ਸਿੰਘ (ਮੈਂਬਰ), ਜਗਪਾਲ ਸਿੰਘ (ਮੈਂਬਰ), ਹਰਨੇਕ ਸਿੰਘ (ਮੈਂਬਰ) ਆਦਿ ਮੈਂਬਰਾਂ ਦੀ ਚੋਣ ਕੀਤੀ ਗਈ | ਗਠਿਤ ਹੋਈ ਕਾਰਜਕਾਰਨੀ ਵੱਲੋਂ ਸਾਧੂ ਰਾਮ ਬਾਂਸਲ ਨੂੰ ਸਰਪ੍ਰਸਤ ਕੰਮ ਕਰਨ ਲਈ ਚੋਣ ਕੀਤੀ ਗਈ | ਇਸ ਇਕੱਤਰਤਾ ਦੀ ਸਟੇਜ ਸੰਚਾਲਨ ਸੁਰਿੰਦਰ ਸਿੰਘ ਸੰਧੂ ਨੇ ਬਾਖ਼ੂਬੀ ਨਿਭਾਈ |