ਇਟਲੀ ‘ਚ ਭਾਰਤੀ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼

ਮਿਲਾਨ (ਇਟਲੀ), -ਲਿਗੂਰੀਆ ਖੇਤਰ ਦੇ ਅਲਬੇਂਗਾ ਸ਼ਹਿਰ ਦੇ ਇਲਾਕੇ ਵੀਆ ਲੇਂਗੁਏਲੀਆ ਆਂਗੋਲੋ ਵੀਆ ਏਪੀਸ਼ੋਪੀਓ ਵਿਖੇ ਇਕ 17 ਸਾਲਾ ਭਾਰਤੀ ਸਕੂਲੀ ਵਿਦਿਆਰਥਣ ਜਾ ਰਹੀ ਸੀ, ਉੱਥੇ ਇਕ ਬੇਘਰ, ਬੇਰੁਜ਼ਗਾਰ, ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਰਹਿ ਰਿਹਾ 32 ਸਾਲਾ ਭਾਰਤੀ ਨਾਗਰਿਕ ਬੀ. ਐਸ. ਪਹਿਲਾਂ ਤੋਂ ਹੀ ਮੌਜੂਦ ਸੀ। ਜਿਸ ਵਕਤ ਸਕੂਲੀ ਵਿਦਿਆਰਥਣ ਉਸ ਭਾਰਤੀ ਵਿਅਕਤੀ ਦੇ ਨੇੜਿਉਂ ਲੰਘਣ ਲੱਗੀ ਤਾਂ ਉਸ ਵਿਅਕਤੀ ਨੇ ਬਹੁਤ ਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ, ਉਸ ਨੇ ਵਿਦਿਆਰਥਣ ਨੂੰ ਕੱਸ ਕੇ ਫੜ ਲਿਆ ਅਤੇ ਲੜਕੀ ਨੇ ਉਸ ਨਾਲ ਲੜਨ ਵਿਚ ਇੰਨੀ ਹਿੰਮਤ ਦਿਖਾਈ ਕਿ ਆਖਿਰਕਾਰ ਭਾਰਤੀ ਨੂੰ ਹਥਿਆਰ ਸੁੱਟ ਕੇ ਉਸ ਨੂੰ ਛੱਡ ਕੇ ਭੱਜਣਾ ਪਿਆ। ਉਸ ਦੇ ਜਾਣ ਬਾਅਦ ਲੜਕੀ ਨੇ ਜੇਬ ਵਿਚੋਂ ਮੋਬਾਇਲ ਫੋਨ ਕੱਢਿਆ ਅਤੇ ਆਪਣੇ ਪਿਤਾ ਨੂੰ ਅਤੇ ਕਾਰਾਬਿਨੇਰੀ ਨੂੰ ਫੋਨ ਕੀਤਾ। ਜਲਦ ਹੀ ਨੇੜੇ ਗਸ਼ਤ ਲਗਾ ਰਹੀ ਕਾਰਾਬਿਨੇਰੀ ਉਸ ਕੋਲ ਪਹੁੰਚ ਗਈ ਅਤੇ ਲੁਓਗੋਤੇਨੇਤੇ ਪੇਲੂਸੀ ਦੇ ਆਦੇਸ਼ ‘ਤੇ ਭਾਰੀ ਗਿਣਤੀ ਵਿਚ ਪੁਲਿਸ ਦੇ ਜਵਾਨ ਇਸ ਮੁਹਿੰਮ ਲਈ ਲਗਾਏ ਗਏ। ਪੁਲਿਸ ਦੀ ਅਣਥੱਕ ਮਿਹਨਤ ਕਾਰਨ ਆਖਿਰਕਾਰ ਇਕ ਦੁਕਾਨ ਵਿਚੋਂ ਦੋਸ਼ੀ ਨੂੰ ਪੁਲਿਸ ਨੇ ਕਾਬੂ ਕਰ ਲਿਆ। ਬਾਅਦ ਵਿਚ ਕੈਮਰਿਆਂ ਦੀ ਫੁਟੇਜ ਵਿਚੋਂ ਕੱਢੀ ਗਈ ਪਹਿਚਾਣ ਅਤੇ ਲੜਕੀ ਵੱਲੋਂ ਸ਼ਨਾਖਤ ਕਰਨ ਉਪਰੰਤ ਕਾਬੂ ਕੀਤੇ ਗਏ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜੇਲ੍ਹ ਵਿਚ ਭੇਜ ਦਿੱਤਾ ਗਿਆ।