ਉੱਤਰੀ ਜ਼ੋਨ ਸਪੋਰਟਸ ਫੈਸਟੀਵਲ ਵਿਚ ਸੈਨਿਕ ਸਕੂਲ ਕਪੂਰਥਲਾ ਹਾਕੀ ‘ਚ ਜੇਤੂ ਰਿਹਾ

ਕਪੂਰਥਲਾ,-ਸੈਨਿਕ ਸਕੂਲ ਕਪੂਰਥਲਾ ਵਿਚ ਉੱਤਰੀ ਜ਼ੋਨ ਸਪੋਰਟਸ ਫੈਸਟੀਵਲ ਦੇ ਆਖਰੀ ਦਿਨ ਹਾਕੀ ਦੇ ਮੁਕਾਬਲੇ ਵਿਚ ਸੈਨਿਕ ਸਕੂਲ ਕਪੂਰਥਲਾ ਦੀ ਟੀਮ ਨੇ ਸੈਨਿਕ ਸਕੂਲ ਨਗਰੋਟਾ ਦੀ ਟੀਮ ਨੂੰ 2-0 ਨਾਲ ਪਛਾੜ ਕੇ ਜਿੱਤ ਹਾਸਲ ਕੀਤੀ | ਫੈਸਟੀਵਲ ਦੇ ਇਨਾਮ ਵੰਡ ਸਮਾਗਮ ਵਿਚ ਏ.ਓ.ਸੀ ਆਦਮਪੁਰ ਸ੍ਰੀ ਏ.ਆਰ ਗੌਰੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਸੈਨਿਕ ਸਕੂਲ ਕਪੂਰਥਲਾ ਦੇ ਪਿ੍ੰਸੀਪਲ ਗਰੁੱਪ ਕੈਪਟਨ ਸ਼ਕਤੀ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਤੇ ਫੈਸਟੀਵਲ ਦੌਰਾਨ ਕਰਵਾਈਆਂ ਗਈਆਂ ਵੱਖ-ਵੱਖ ਖੇਡਾਂ ਬਾਰੇ ਜਾਣਕਾਰੀ ਦਿੱਤੀ | ਜੇਤੂ ਟੀਮਾਂ ਨੂੰ ਪ੍ਰਮਾਣ ਪੱਤਰ ਤੇ ਮੈਡਲਾਂ ਦੀ ਵੰਡ ਉਪਰੰਤ ਸੰਬੋਧਨ ਕਰਦਿਆਂ ਸ੍ਰੀ ਏ.ਆਰ ਗੌਰੇ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਐਨ.ਡੀ.ਏ ਵਿਚ ਜਾ ਕੇ ਆਪਣਾ ਭਵਿੱਖ ਬਣਾਉਣ | ਉਨ੍ਹਾਂ ਵੱਖ-ਵੱਖ ਟੀਮਾਂ ਵੱਲੋਂ ਖੇਡ ਦੌਰਾਨ ਦਿਖਾਏ ਅਨੁਸਾਸ਼ਨ ਦੀ ਸ਼ਲਾਘਾ ਕਰਦਿਆਂ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੱਤੀ | ਇਸ ਫੈਸਟੀਵਲ ਦੌਰਾਨ ਵਾਲੀਬਾਲ ਵਿਚ ਸੱਤਿਆਨੰਦ ਯਾਦਵ, ਬਾਸਕਿਟ ਬਾਲ ਵਿਚ ਵਿਰੇਸ਼ਵਰ ਗੌਸਵਾਮੀ, ਫੁੱਟਬਾਲ ਵਿਚ ਅਸ਼ੀਸ਼, ਫੁੱਟਬਾਲ ਸਬ ਜੂਨੀਅਰ ਵਿਚ ਦਿਨੇਸ਼ ਥਾਂਜੀ ਤੇ ਹਾਕੀ ਵਿਚ ਦਿਲਾਵਰ ਸਿੰਘ ਵਧੀਆ ਖਿਡਾਰੀ ਐਲਾਨੇ ਗਏ