ਏ. ਡੀ. ਸੀ. ਵੱਲੋਂ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਬੈਠਕ

ਬਠਿੰਡਾ,- ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਬੈਠਕ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸ਼ੇਨਾ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੀ ਬੈਠਕ ਦੌਰਾਨ ਪ੍ਰਾਪਤ ਹੋਈਆਂ ਸ਼ਿਕਾਇਤਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਅਤੇ ਸਬੰਧਤ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਇਨ੍ਹਾਂ ਸ਼ਿਕਾਇਤਾਂ ਸਬੰਧੀ ਆਪਣੀਆਂ ਰਿਪੋਰਟਾਂ ਇੱਕ ਹਫ਼ਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾਉਣ | ਉਨ੍ਹਾਂ ਕਿਹਾ ਕਿ ਇਸ ਸ਼ਿਕਾਇਤ ਨਿਵਾਰਣ ਕਮੇਟੀ ‘ਚ ਪੰਜਾਬ ਸਰਕਾਰ ਦੁਆਰਾ ਨਾਮਜ਼ਦ ਗੈਰ ਸਰਕਾਰੀ ਨੁਮਾਇੰਦਿਆਂ ਨੂੰ ਵੀ ਜਲਦ ਹੀ ਸ਼ਾਮਲ ਕੀਤਾ ਜਾਵੇਗਾ ਅਤੇ ਇਸ ਕਮੇਟੀ ਵਲੋਂ ਪ੍ਰਾਪਤ ਸ਼ਿਕਾਇਤਾਂ ਦੇ ਨਿਪਟਾਰੇ ‘ਚ ਇਨ੍ਹਾਂ ਨਾਮਜ਼ਦ ਮੈਂਬਰਾਂ ਦੀ ਵੀ ਮੁੱਖ ਭੂਮਿਕਾ ਰਹੇਗੀ | ਉਨ੍ਹਾਂ ਕਿਹਾ ਕਿ ਕਮੇਟੀ ਦੀ ਬੈਠਕ ਹਰ ਮਹੀਨੇ ਹੋਇਆ ਕਰੇਗੀ | ਇਸ ਮੌਕੇ ਆਈ.ਏ.ਐਸ. ਯੂ.ਟੀ. ਅੰਮਿ੍ਤਾ ਸਿੰਘ, ਐਸ.ਡੀ.ਐਮ. ਰਾਮਪੁਰਾ ਨਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਤਲਵੰਡੀ ਸਾਬੋ ਵਰਿੰਦਰ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਲਤੀਫ਼ ਅਹਿਮਦ, ਜ਼ਿਲ੍ਹਾ ਮਾਲ ਅਫ਼ਸਰ ਅਵਤਾਰ ਸਿੰਘ ਮੱਕੜ, ਐਸ.ਪੀ. ਸਿਟੀ ਦੇਸ ਰਾਜ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਆਦਿ ਹਾਜ਼ਰ ਸਨ |