ਐੱਸ. ਐੱਸ. ਏ./ਰਮਸਾ ਟੀਚਰ ਯੂਨੀਅਨ ਦੀ ਹੋਈ ਮੀਟਿੰਗ

ਰੂਪਨਗਰ-ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਰੂਪਨਗਰ ਦੀ ਮੀਟਿੰਗ ਪ੍ਰਧਾਨ ਹੁਸ਼ਿਆਰ ਸਿੰਘ ਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਤੋਂ ਆਪਣੀ ਰੈਗੂਲਰਾਇਜ਼ੇਸ਼ਨ ਦੀ ਮੰਗ ਲਈ 28 ਅਪੈੈਲ ਨੂੰ ਬਲਾਕ ਨੰਗਲ ਵਿਖੇ ਮਿਸ਼ਾਲ ਮਾਰਚ ਕੀਤਾ ਜਾਵੇਗਾ ਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਪਰਦੇ ਫਰੋਲਦੇ ਪਰਚੇ ਵੰਡੇ ਜਾਣਗੇ ਤੇ ਉਸ ਤੋਂ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਿਸ਼ਾਲ ਮਾਰਚ ਕੀਤਾ ਜਾਵੇਗਾ | ਇਸੇ ਲੜੀ ਤਹਿਤ ਸਾਰੇ ਬਲਾਕਾਂ ਦੇ ਸ਼ਹਿਰ, ਬੱਸ ਅੱਡਿਆਂ ਤੇ ਪਬਲਿਕ ਥਾਵਾਂ ‘ਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਪਰਚੇ ਵੰਡੇ ਜਾਣਗੇ ਤੇ ਐੱਸ. ਐੱਸ. ਏ/ਰਮਸਾ ਅਧਿਆਪਕਾਂ ਦੀ ਮੰਗ ਨੂੰ ਲੋਕਾਂ ਦੀ ਮੰਗ ਬਣਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਨਾਲ ਮੀਟਿਗਾਂ ਦਾ ਦੌਰ ਸ਼ੁਰੂ ਕੀਤਾ ਜਾਵੇਗਾ | ਜਨਰਲ ਸਕੱਤਰ ਨੇ ਦੱਸਿਆ ਕਿ ਪਿਛਲੇ 7 ਸਾਲਾਂ ਤੋਂ ਪੰਜਾਬ ਭਰ ਦੇ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ 14000 ਐੱਸ. ਐੱਸ. ਏ ਤੇ ਰਮਸਾ ਅਧਿਆਪਕਾਂ ਨਾਲ ਭੇਦਭਾਵ ਕਰਦਿਆਂ, ਸੂਬੇ ਅੰਦਰ 3 ਸਾਲਾਂ ਬਾਅਦ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਨੀਤੀ ਤੋਂ ਪਾਸਾ ਵੱਟਦਿਆਂ ਸੂਬਾ ਸਰਕਾਰ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਸਬੰਧੀ ਕੋਈ ਨੀਤੀ ਨਹੀਂ ਬਣਾਈ ਜਾ ਰਹੀ | ਜ਼ਿਕਰਯੋਗ ਹੈ ਕਿ ਬੀਤੀ 3 ਜੂਨ ਨੂੰ ਸਾਂਝੇ ਮੋਰਚੇ ਨਾਲ ਹੋਈ ਮੀਟਿੰਗ ਵਿੱਚ ਸਿੱਖਿਆ ਮੰਤਰੀ ਨੇ ਠੇਕੇ ‘ਤੇ ਕੰਮ ਕਰਦੇ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਇਕ ਉੱਚ ਪੱਧਰੀ ਕਮੇਟੀ ਗਠਤ ਕਰਨ ਦੀ ਗੱਲ ਕਹੀ ਸੀ ਤੇ ਉਕਤ ਕਮੇਟੀ ਵੱਲੋਂ 2 ਮਹੀਨੇ ਦੇ ਅੰਦਰ ਰਿਪੋਰਟ ਪੇਸ਼ ਕੀਤੇ ਜਾਣ ਦਾ ਭਰੋਸਾ ਦਿੱਤਾ ਸੀ | ਯੂਨੀਅਨ ਵੱਲੋਂ ਅਧਿਆਪਕਾਂ ਦਾ ਪੱਖ ਵਿਚਾਰਨ ਲਈ ਕਮੇਟੀ ਤੋਂ ਲਗਾਤਾਰ ਮੀਟਿੰਗ ਦੀ ਮੰਗ ਕੀਤੀ ਗਈ ਪਰ ਸਰਕਾਰ ਤੇ ਸਰਕਾਰ ਦੀ ਕਮੇਟੀ ਵੱਲੋਂ ਯੂਨੀਅਨ ਦੀ ਇਸ ਮੰਗ ਨੂੰ ਅਣਦੇਖਿਆ ਕਰ ਦਿੱਤਾ ਗਿਆ | ਹੁਣ 10 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕਮੇਟੀ ਵੱਲੋਂ ਅਧਿਆਪਕਾਂ ਨੂੰ ਰੈਗੂਲਰ ਕਰਨ ਸਬੰਧੀ ਨਾ ਤਾ ਕੋਈ ਸਰਗਰਮੀ ਦੇਖਣ ਨੂੰ ਮਿਲੀ ਤੇ ਨਾਂ ਹੀ ਕੋਈ ਰਿਪੋਰਟ ਪੇਸ਼ ਕੀਤੀ ਗਈ | ਇਸ ਮੌਕੇ ਗੁਰਮੀਤ ਸਿੰਘ, ਅਸ਼ਵਨੀ ਸ਼ਰਮਾ, ਸੁਰਿੰਦਰ ਸਿੰਘ, ਵਿਪਨ ਕਟਾਰੀਆ, ਸ੍ਰੀਮਤੀ ਸੀਮਾ, ਪਰਵੀਨ ਸ਼ਰਮਾ, ਸੁਖਜੀਤ ਸਿੰਘ, ਕਰਮਜੀਤ ਸਿੰਘ, ਹੁਕਮ ਚੰਦ ਆਦਿ ਅਧਿਆਪਕ ਹਾਜ਼ਰ ਸਨ |