ਕਾਂਗਰਸੀ ਆਗੂ ਇੰਦਰਜੀਤ ਸਿੰਘ ਬਾਸਰਕੇ ਨੇ ਫੜਿਆ ‘ਆਪ’ ਦਾ ‘ਝਾੜੂ’

ਅੰਮਿ੍ਤਸਰ,-ਕਾਂਗਰਸ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਇੰਦਰਜੀਤ ਸਿੰਘ ਬਾਸਰਕੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ | ਸ: ਬਾਸਰਕੇ ਦੇ ਆਪ ਵਿਚ ਸ਼ਾਮਿਲ ਹੋਣ ਸਮੇਂ ਸੂਬਾਈ ਕਨਵੀਨਰ ਸ: ਸੁੱਚਾ ਸਿੰਘ ਛੋਟੇਪੁਰ ਤੇ ਕੇਂਦਰੀ ਓਬਜ਼ਰਵਰ ਰੋਮੀ ਭਾਟੀ ਵੱਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਬਾਸਰਕੇ ਨੇ ਕਿਹਾ ਕਿ ਉਹ ਆਪ ਦੇ ਆਗੂ ਸ੍ਰੀ ਅਰਵਿੰਦ ਕੇਜਰੀਵਾਲ ਤੇ ਆਪ ਦੀ ਸੋਚ ਤੇ ਮਿਸ਼ਨ ਨੂੰ ਮੁੱਖ ਰੱਖਦਿਆਂ ‘ਆਪ’ ‘ਚ ਸ਼ਾਮਿਲ ਹੋਏ ਹਨ | ਇਸ ਤੋਂ ਪਹਿਲਾਂ ਆਪ ਦੇ ਪੰਜਾਬ ਦੇ ਕਨਵੀਨਰ ਸ: ਛੋਟੇਪੁਰ ਨੇ ਇਕ ਸੁਆਲ ਦੇ ਜਵਾਬ ‘ਚ ਕਿਹਾ ਕਿ ਉਪ ਮੁੱਖ ਮੰਤਰੀ ਜੋ ਆਮ ਆਦਮੀ ਪਾਰਟੀ ਨੂੰ ਟੋਪੀ ਵਾਲਿਆਂ ਦੀ ਪਾਰਟੀ ਆਖਦੇ ਹਨ, ਉਨ੍ਹਾਂ ਨੂੰ ਇਹ ਭੱਦੀ ਭਾਸ਼ਾ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ‘ਚ ਟੋਪੀ ਤੇ ਪੱਗਾਂ ਵਾਲਿਆਂ ਦਾ ਬਰਾਬਰ ਦਾ ਯੋਗਦਾਨ ਹੈ | ਉਨ੍ਹਾਂ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਵੀ ਆਪਣੀ ਭਾਈਵਾਲ ਭਾਜਪਾ ਨਾਲ ਸਾਂਝ ਹੈ, ਜਿਸ ਦੇ ਮੁਖੀ ਸ੍ਰੀ ਨਰਿੰਦਰ ਮੋਦੀ ਸਮੇਤ ਸਾਰੇ ਆਗੂੁ ਟੋਪੀਆਂ ਪਹਿਨਣ ਵਾਲੇ ਹਨ | ਉਨ੍ਹਾਂ ਬਾਰੇ ਤਾਂ ਉਹ ਕਦੀ ਨਹੀਂ ਬੋਲੇ | ਉਨਾਂ ਕਿਹਾ ਕਿ ਅੱਜ ਪੰਜਾਬ ‘ਚ ਜੰਗਲ ਰਾਜ ਹੈ ਤੇ ਅਕਾਲੀ-ਭਾਜਪਾ ਗਠਜੋੜ ਨੇ ਸਿਆਸਤ ਨੂੰ ਸੇਵਾ ਦੀ ਥਾਂ ਵਪਾਰ ਬਣਾ ਰਿਹਾ ਹੈ | ਇਸ ਮੌਕੇ ਸ: ਛੋਟੇਪੁਰ ਨੇ ਬਾਸਰਕੇ ਦਾ ਸਵਾਗਤ ਕੀਤਾ | ਇਸ ਮੌਕੇ ਆਪ ਦੇ ਕੇਂਦਰੀ ਓਬਜ਼ਰਵਰ ਰੋਮੀ ਭਾਟੀ ਤੇ ਅੰਮਿ੍ਤਸਰ ਜ਼ੋਨ ਇੰਚਾਰਜ ਗੁਰਿੰਦਰ ਸਿੰਘ ਬਾਜਵਾ ਵੀ ਹਾਜ਼ਰ ਸਨ |