ਕੈਨੇਡਾ ਫੇਰੀ ਰੱਦ ਹੋਣ ਮਗਰੋਂ ਕੈਪਟਨ ਲਈ ਹਮਦਰਦੀ ਵਧੀ-ਗਿੱਲ

ਟੋਰਾਂਟੋ-ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਕੈਨੇਡਾ ਫੇਰੀ ਰੱਦ ਹੋਣ ਮਗਰੋਂ ਪਾਰਟੀ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਹੈ ਕਿ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਲੋਕਾਂ ‘ਚ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਹਮਦਰਦੀ ਵਧੀ ਹੈ | ਟੋਰਾਂਟੋ ਲਾਗੇ ਮਿਸੀਸਾਗਾ ‘ਚ ਬੀਤੇ ਦਿਨ ਕਾਂਗਰਸੀ ਆਗੂ ਪਰਮਜੀਤ ਸਿੰਘ ਜੌਹਲ ਵੱਲੋਂ ਕਾਮਾਗਾਟਾਮਾਰੂ ਕਾਂਡ ਦੀ ਯਾਦ ‘ਚ ਕਰਵਾਏ ਇਕ ਸਮਾਗਮ ਮੌਕੇ ਕੈਨੇਡਾ ਦੇ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਅਤੇ ਹਰਮਿੰਦਰ ਸਿੰਘ ਗਿੱਲ ਪੁੱਜੇ ਸਨ | ਇਸੇ ਦੌਰਾਨ ਕੈਨੇਡਾ ‘ਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਕੁਝ ਸੀਨੀਅਰ ਆਗੂ ਆਪਣੀ ਅਣਦੇਖੀ ਹੋਣ ਤੋਂ ਡਾਹਢੇ ਨਿਰਾਸ਼ ਅਤੇ ਨਾਰਾਜ਼ ਹਨ | ਬੀਤੇ ਦੋ ਦਹਾਕਿਆਂ ਤੋਂ ਕੈਨੇਡਾ ‘ਚ ਕਾਂਗਰਸ ਪਾਰਟੀ ਲਈ ਸਰਗਰਮ ਅਤੇ ਪਾਰਟੀ ਨੂੰ ਸਮਰਪਿਤ ਆਗੂ ਗੁਰਸ਼ਰਨ ਬੌਬੀ ਸਿੱਧੂ ਨੇ ਨਿਧੱੜਕਤਾ ਨਾਲ ਆਪਣਾ ਇਤਰਾਜ਼ ਜ਼ਾਹਿਰ ਕਰਦਿਆਂ ਦੱਸਿਆ ਕਿ ਰਾਣਾ ਗੁਰਜੀਤ ਨੇ ਕੈਨੇਡਾ ‘ਚ ਟਕਸਾਲੀ ਆਗੂਆਂ ਦੀ ਅਣਦੇਖੀ ਕੀਤੀ ਜਿਸ ਨਾਲ ਵਰਕਰਾਂ ਦਾ ਹੌਾਸਲਾ ਡਿੱਗਿਆ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਦੇ ਸਮਾਗਮਾਂ ਦੀ ਸਫ਼ਲਤਾ ਲਈ ਮੀਡੀਆ ਦਾ ਸਹਿਯੋਗ ਲੈਣਾ ਅਤਿ-ਜ਼ਰੂਰੀ ਸੀ ਜਦਕਿ ਇਸ ਵਾਰ ਸਿਰਫ ਚੋਣਵੇਂ ਮੀਡੀਆਕਾਰਾਂ ਨਾਲ ਸੰਪਰਕ ਰੱਖਣ ਨੂੰ ਪਹਿਲ ਦਿੱਤੀ ਗਈ ਜਿਸ ਨਾਲ ਪਾਰਟੀ ਦਾ ਸੁਨੇਹਾ ਲੋਕਾਂ ਤੱਕ ਲਗਾਤਾਰਤਾ ਨਾਲ ਨਹੀਂ ਪੁੱਜ ਸਕਿਆ | ਸ. ਸਿੱਧੂ ਨੇ ਕਿਹਾ ਕਿ ਉਹ ਆਪਣੀਆਂ ਭਾਵਨਾਵਾਂ ਟੈਲੀਫੋਨ ਰਾਹੀਂ ਕੈਪਟਨ ਅਮਰਿੰਦਰ ਤੱਕ ਪਹੁੰਚਾ ਚੁੱਕੇ ਹਨ | ਇਕ ਹੋਰ ਸੀਨੀਅਰ ਆਗੂ ਨੇ ਆਪਣਾ ਨਾਂ ਗੁਪਤ ਰੱਖਣ ਨੂੰ ਕਿਹਾ ਅਤੇ ਦੱਸਿਆ ਕਿ ਰਾਣਾ ਜੀ ਨੇ ਉਨ੍ਹਾਂ ਵਿਅਕਤੀਆਂ ਨੂੰ ਅੱਗੇ ਲਗਾਇਆ ਜਿਨ੍ਹਾਂ ਦਾ ਰਾਜਨੀਤੀ ਨਾਲ ਵਾਸਤਾ ਅਤੇ ਸੂਝ ਨਹੀਂ | ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ‘ਚ ਕੰਮ ਕਰ ਰਹੇ ਸੀਨੀਅਰ ਕਾਂਗਰਸੀਆਂ ਨੂੰ ਭਰੋਸੇ ਵਿੱਚ ਨਾ ਲੈ ਕੇ ਫੁੱਟ ਵਧਾ ਦਿੱਤੀ ਗਈ ਜਿਸ ਨਾਲ ਸਿੱਖਸ ਫਾਰ ਜਸਟਿਸ ਦੇ ਵਕੀਲਾਂ ਵੱਲੋਂ ਕੀਤੀ ਗਈ ਚਾਰਾਜੋਈ ਦਾ ਮੌਕੇ ਸਿਰ ਢੁਕਵਾਂ ਜਵਾਬ ਨਾ ਦਿੱਤਾ ਜਾ ਸਕਿਆ | ਉਨ੍ਹਾਂ ਕਿਹਾ ਕਿ ਗੁਰਸ਼ਰਨ ਬੌਬੀ ਸਿੱਧੂ ਦੀ ਆਪਣੇ ਕਿੱਤੇ ‘ਚ ਸਿਰੇ ਦੇ ਵਕੀਲਾਂ ਤੱਕ ਸਿੱਧੀ ਪਹੁੰਚ ਹੈ ਪਰ ਅਣਦੇਖੀ ਕੀਤੇ ਜਾਣ ਕਾਰਨ ਉਹ ਬਹੁਤਾ ਖੁੱਲ੍ਹ ਕੇ ਮੈਦਾਨ ਵਿੱਚ ਨਿੱਤਰ ਨਾ ਸਕੇ | ਓਧਰ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਦੱਸਿਆ ਹੈ ਕਿ ਉਹ ਦੋ ਕੁ ਦਿਨਾਂ ‘ਚ ਕੈਲੀਫੋਰਨੀਆ ਪੁੱਜ ਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਮਾਣਹਾਨੀ ਦਾ ਦਾਅਵਾ ਅਦਾਲਤ ਵਿੱਚ ਫਾਈਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਿੱਖਸ ਫਾਰ ਜਸਟਿਸ ਨੂੰ ਆਈ.ਐਸ.ਆਈ. ਨਾਲ ਜੋੜ ਕੇ ਕੈਪਟਨ ਅਮਰਿੰਦਰ ਨੇ ਮਨੁੱਖੀ ਅਧਿਕਾਰ ਸੰਗਠਨ ਦੀ ਮਾਣਹਾਨੀ ਕੀਤੀ ਹੈ ਜਿਸ ਨੂੰ ਅਮਰੀਕਾ ਵਿਖੇ ਅਦਾਲਤ ਵਿੱਚ ਚੈਲਿੰਜ ਕੀਤਾ ਜਾਣਾ ਅਤਿ ਜਰੂਰੀ ਹੈ | ਸ. ਪੰਨੂੰ ਨੇ ਇਹ ਵੀ ਕਿਹਾ ਕਿ ਉਹ ਭਵਿੱਖ ‘ਚ ਕਾਨੂੰਨੀ ਲੜਾਈ ਲਈ ਤਿਆਰ ਹਨ |