ਖੂਬਸੂਰਤ ਦਿਸਿਆ ਜਾ ਸਕਦਾ ਹੈ ਬਿਨਾਂ ਮੇਕਅੱਪ ਤੋਂ ਵੀ

1358644__8

ਚਮੜੀ ਦੀ ਨਿਯਮਤ ਸਾਫ਼-ਸਫ਼ਾਈ ਕਰੋ : ਚਮੜੀ ਦੀ ਚਮਕ ਬਰਕਰਾਰ ਰੱਖਣ ਲਈ ਚਮੜੀ ਦੀ ਨਿਯਮਤ ਸਫ਼ਾਈ ਬਹੁਤ ਜ਼ਰੂਰੀ ਹੈ। ਚਮੜੀ ਦੀ ਸਫ਼ਾਈ ਲਈ ਚਿਹਰੇ ਦੀ ਧੁਆਈ (ਕਲੀਨਿੰਗ), ਟੋਨਿੰਗ, ਮਾਇਸਚਰਾਈਜ਼ਿੰਗ, ਇਨ੍ਹਾਂ ਤਿੰਨਾਂ ਨੂੰ ਕਰਨਾ ਜ਼ਰੂਰੀ ਹੈ। ਨਰਮ ਸਕਰੱਬ ਨਾਲ ਮ੍ਰਿਤਕ ਚਮੜੀ ਨੂੰ ਹਟਾਉਂਦੇ ਰਹੋ ਤਾਂ ਕਿ ਮ੍ਰਿਤ ਚਮੜੀ ਤੁਹਾਡੀ ਚਮੜੀ ਨੂੰ ਨੁਕਸਾਨ ਨਾ ਪਹੁੰਚਾ ਸਕੇ।
ਘਰ ਵਿਚ ਸਕਰੱਬ ਤਿਆਰ ਕਰਕੇ ਵਰਤੋਂ ਵਿਚ ਲਿਆ ਸਕਦੇ ਹੋ। ਇਕ ਚਮਚ ਓਟਸ ਵਿਚ ਅੱਧਾ ਚਮਚ ਚੰਦਨ ਪਾਊਡਰ, ਦਹੀਂ, ਕੱਚੀ ਹਲਦੀ, ਟਮਾਟਰ ਦਾ ਗੁੱਦਾ ਮਿਲਾਓ। ਇਸ ਨੂੰ ਚਿਹਰੇ ‘ਤੇ ਲਗਾ ਕੇ ਹਲਕਾ ਰਗੜੋ। ਇਸ ਨਾਲ ਮ੍ਰਿਤ ਚਮੜੀ ਸਾਫ ਹੋਵੇਗੀ। ਚਿਹਰਾ ਧੋ ਕੇ ਉਸ ‘ਤੇ ਕੈਲੇਮਾਈਨ ਪਾਊਡਰ ਵਿਚ ਸ਼ਹਿਦ ਅਤੇ ਕੋਈ ਵੀ ਮੌਸਮੀ ਫਲ ਦਾ ਗੁੱਦਾ ਮਿਲਾ ਕੇ ਚਿਹਰੇ ‘ਤੇ ਲਗਾਓ। ਸਕਰੱਬਿੰਗ ਦੇ ਬਾਅਦ ਇਹ ਮਿਸ਼ਰਣ ਚਮੜੀ ਨੂੰ ਰਾਹਤ ਦੇਵੇਗਾ ਅਤੇ ਚਮੜੀ ਵਿਚ ਚਮਕ ਬਣੀ ਰਹੇਗੀ।
ਪਾਣੀ ਦਾ ਸੇਵਨ ਖੂਬ ਕਰੋ : ਪਾਣੀ ਦਾ ਸੇਵਨ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ। ਇਸ ਤੋਂ ਇਲਾਵਾ ਚਮੜੀ ਦੀ ਨਮੀ ਨੂੰ ਵੀ ਬਰਕਰਾਰ ਰੱਖਦਾ ਹੈ। 10 ਤੋਂ 12 ਗਿਲਾਸ ਪਾਣੀ ਹਰ ਰੋਜ਼ ਜ਼ਰੂਰ ਪੀਓ। ਇਸ ਨਾਲ ਸਰੀਰ ਦੀ ਅੰਦਰੂਨੀ ਸਫਾਈ ਵੀ ਹੁੰਦੀ ਰਹੇਗੀ।
ਚਮੜੀ ਦੀ ਚਮਕ ਲਈ : ਚਮੜੀ ਦੀ ਚਮਕ ਲਈ ਚਿਹਰੇ ‘ਤੇ ਬਰਫ ਨੂੰ ਹਲਕਾ-ਹਲਕਾ ਰਗੜੋ। ਇਸ ਨਾਲ ਚਮੜੀ ਵਿਚ ਚਮਕ ਬਣੀ ਰਹੇਗੀ ਅਤੇ ਜੇਕਰ ਬਾਹਰ ਜਾਣਾ ਹੋਵੇ ਤਾਂ ਹਲਕਾ ਮੇਕਅੱਪ ਚਮੜੀ ਵਿਚ ਹੋਰ ਨਿਖਾਰ ਲਿਆਉਣ ਵਿਚ ਮਦਦ ਕਰੇਗਾ। ਮੇਕਅੱਪ ਜ਼ਿਆਦਾ ਸਮੇਂ ਤੱਕ ਟਿਕਿਆ ਵੀ ਰਹੇਗਾ।
ਸੰਤੁਲਿਤ ਭੋਜਨ : ਜੇਕਰ ਤੁਸੀਂ ਪੌਸ਼ਟਿਕ ਭੋਜਨ ਨੇਮਬੱਧ ਕਰਦੇ ਹੋ ਤਾਂ ਚਮੜੀ ‘ਤੇ ਚਮਕ ਬਣੀ ਰਹੇਗੀ। ਭੋਜਨ ਵਿਚ ਵਿਟਾਮਿਨ ‘ਏ’, ‘ਸੀ’ ਅਤੇ ‘ਈ’ ਦਾ ਧਿਆਨ ਰੱਖੋ। ਪੀਲੇ ਰੰਗ ਦੀ ਸਬਜ਼ੀ ਅਤੇ ਫਲ ਵਿਚ ਵਿਟਾਮਿਨ ‘ਏ’ ਦੀ ਮਾਤਰਾ ਭਰਪੂਰ ਹੁੰਦੀ ਹੈ।
ਵਿਟਾਮਿਨ ‘ਸੀ’ ਲਈ ਨਿੰਬੂ, ਸੰਤਰਾ, ਮੌਸੰਮੀ, ਅੰਗੂਰ, ਔਲਾ ਦਾ ਨਿਯਮਤ ਸੇਵਨ ਕਰੋ। ਵਿਟਾਮਿਨ ‘ਈ’ ਬਦਾਮ ਵਿਚ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਚਮੜੀ ‘ਤੇ ਝੁਰੜੀਆਂ ਜਲਦੀ ਨਹੀਂ ਪੈਂਦੀਆਂ। ਵਿਟਾਮਿਨ ‘ਸੀ’ ਦੇ ਸੇਵਨ ਨਾਲ ਦਾਗ-ਧੱਬੇ ਦੂਰ ਰਹਿੰਦੇ ਹਨ ਅਤੇ ਰੰਗ ਸਾਫ ਰਹਿੰਦਾ ਹੈ। ਆਪਣੇ ਰੋਜ਼ਾਨਾ ਦੇ ਭੋਜਨ ਵਿਚ ਫਾਈਬਰ ਦਾ ਵੀ ਧਿਆਨ ਰੱਖੋ, ਜੋ ਸਰੀਰ ਦੇ ਅੰਦਰੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਟਮਾਟਰ ਦਾ ਵੀ ਬਕਾਇਦਾ ਸੇਵਨ ਕਰੋ।
ਨੇਮਬੱਧ ਕਸਰਤ ਕਰੋ : ਨੇਮਬੱਧ ਕਸਰਤ ਨਾਲ ਸਰੀਰ ਵਿਚ ਖੂਨ ਦਾ ਦੌਰਾ ਵਧਦਾ ਹੈ, ਜਿਸ ਨਾਲ ਸਾਰੇ ਪੋਸ਼ਕ ਤੱਤ ਸਰੀਰ ਵਿਚ ਪਹੁੰਚ ਜਾਂਦੇ ਹਨ। ਇਸ ਤੋਂ ਇਲਾਵਾ ਡਿਟਾਕਿਸਫਿਕੇਸ਼ਨ ਹੁੰਦਾ ਹੈ ਜੋ ਚਮੜੀ ਦੀ ਚਮਕ ਬਰਕਰਾਰ ਰੱਖਣ ਲਈ ਜ਼ਰੂਰੀ ਹੈ। ਨੇਮਬੱਧ ਕਸਰਤ ਨਾਲ ਮੈਟਾਬੋਲਿਜ਼ਮ ਵਧਦਾ ਹੈ ਜੋ ਮੋਟਾਪੇ ਤੋਂ ਦੂਰ ਰੱਖਣ ਵਿਚ ਸਹਾਇਕ ਹੁੰਦਾ ਹੈ। ਸਰੀਰ ਚੁਸਤ ਅਤੇ ਪਤਲਾ ਰਹਿੰਦਾ ਹੈ।