ਗੁਣਾਚੌਰ ‘ਚ ਭੇਦ ਭਰੇ ਹਾਲਾਤ ‘ਚ ਗਰਭਵਤੀ ਔਰਤ ਦੀ ਮੌਤ

ਬੰਗਾ, – ਪਿੰਡ ਗੁਣਾਚੌਰ ਵਿਖੇ ਇਕ ਗਰਭਵਤੀ ਔਰਤ ਦੀ ਭੇਦ ਭਰੇ ਹਾਲਾਤ ‘ਚ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਤੋਸ਼ੀ ਉਰਫ ਸੁਨੀਤਾ ਪਤਨੀ ਸੁਰਜੀਤ ਰਾਮ ਜੋ ਗਰਭਵਤੀ ਸੀ, ਦੀ ਮੌਤ ਹੋ ਗਈ, ਜਿਸ ‘ਤੇ ਉਸ ਦੇ ਪੇਕੇ ਪਰਿਵਾਰ ਨੇ ਸਹੁਰਾ ਪਰਿਵਾਰ ਖਿਲਾਫ ਕ ਥਿਤ ਤੌਰ ‘ਤੇ ਜਾਨੋ ਮਾਰਨ ਦਾ ਦੋਸ਼ ਲਗਾਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਵਿਆਹੁਤਾ ਦੇ ਭਰਾ ਬਲਵੀਰ ਸਿੰਘ ਪੁੱਤਰ ਰਾਮ ਕਿਸ਼ਨ ਪਿੰਡ ਕੰਮੋਵਾਲ ਨੇੜੇ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਮੇਰੀ ਭੈਣ ਪਿੰਡ ਗੁਣਾਚੌਰ ਦੇ ਸੁਰਜੀਤ ਰਾਮ ਨਾਲ ਲਗਭਗ 15 ਕੁ ਸਾਲ ਪਹਿਲਾਂ ਵਿਆਹੀ ਗਈ ਸੀ | ਉਨ੍ਹਾਂ ਦੱਸਿਆ ਕਿ ਜਿਸ ਦੌਰਾਨ ਮੇਰੀ ਭੈਣ 3 ਕੁੜੀਆਂ ਤੇ 1 ਮੁੰਡੇ ਦੀ ਮਾਂ ਸੀ ਅਤੇ ਇਕ ਬੱਚੇ ਦੀ ਲਗਭਗ 8 ਮਹੀਨੇ ਤੋਂ ਗਰਭਰਵਤੀ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਪਰਿਵਾਰਕ ਮੈਂਬਰ ਇਸ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ | ਉਨ੍ਹਾਂ ਦੋਸ਼ ਲਾਇਆ ਕਿ ਮੇਰੀ ਭੈਣ ਨੂੰ ਉਪਰੋਕਤ ਕਥਿਤ ਦੋਸ਼ੀਆਂ ਨੇ ਕੋਈ ਨਸ਼ੀਲੀ ਦਵਾਈ ਜਾਂ ਗਲਾ ਘੁੱਟ ਕੇ ਮਾਰ ਦਿੱਤਾ | ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਲਾਸ਼ ਕਬਜੇ ਵਿਚ ਲੈ ਲਈ ਅਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬੰਗਾ ਰੱਖੀ | ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ |