ਚਿੰਤਾਜਨਕ ਹਨ ਵਿਦੇਸ਼ਾਂ ਵਿੱਚ ਸਿੱਖਾਂ ’ਤੇ ਹੁੰਦੇ ਨਸਲੀ ਹਮਲੇ

ਰਮਨੀ ਦੇ ਸ਼ਹਿਰ ਐਸਨ ਸਥਿਤ ਗੁਰਦੁਅਰਾ ਸਾਹਿਬ ’ਤੇ ਹੋਏ ਹਮਲੇ ਨੇ ਸਿੱਖ ਮਾਨਸਿਕਤਾ ਨੂੰ ਡੂੰਘੀ ਸੱਟ ਮਾਰੀ ਹੈ। ਇਸ ਮੰਦਭਾਗੀ ਘਟਨਾ ਨਾਲ ਸਿੱਖਾਂ ਦੇ ਜਜ਼ਬਾਤ ਦਾ ਪੀੜ-ਪੀੜ ਹੋਣਾ ਕੁਦਰਤੀ ਹੈ। ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ। ਸੱਚਮੁਚ ਹੀ ਇਸ ਦੁਖਦਾਈ ਘਟਨਾ ਨੇ ਵਿਦੇਸ਼ਾਂ ਅੰਦਰ ਸਿੱਖਾਂ ਦੀ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਲਗਾਇਆ ਹੈ। ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਅੱਜ ਦੁਨੀਆਂ ਦੇ ਹਰ ਕੋਨੇ ਵਿੱਚ ਵਸੇ ਹੋਏ ਹਨ। ਆਪਣੀ ਮਿਹਨਤ, ਇਮਾਨਦਾਰੀ ਅਤੇ ਕੰਮ ਪ੍ਰਤੀ ਲਗਨ ਕਾਰਨ ਸਿੱਖਾਂ ਨੇ ਦੁਨੀਆਂ ਵਿੱਚ ਅਹਿਮ ਮੁਕਾਮ ਹਾਸਲ ਕੀਤਾ ਹੈ। ਸਿੱਖ ਜਿਸ ਦੇਸ਼ ਵਿੱਚ ਵੀ ਗਏ, ਉਸ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਨੇ ਆਪਣਾ ਅਹਿਮ ਯੋਗਦਾਨ ਪਾਇਆ ਹੈ। ਪਰ ਕੁੱਝ ਲੋਕਾਂ ਵੱਲੋਂ ਸਿੱਖਾਂ ’ਤੇ ਕੀਤੇ ਜਾ ਰਹੇ ਨਸਲੀ ਹਮਲੇ ਸੋਚਣ ਲਈ ਮਜਬੂਰ ਕਰਦੇ ਹਨ। ਬੇਸ਼ੱਕ ਇਹ ਵਰਤਾਰਾ ਨਵਾਂ ਨਹੀਂ ਹੈ ਪਰ ਅੱਜ ਜਦੋਂ ਦੁਨੀਆਂ ਅੰਦਰ ਸਿੱਖਾਂ ਦੀ ਵਿਲੱਖਣ ਪਛਾਣ ਹੈ ਅਤੇ ਸਿੱਖ ਵੱਖ-ਵੱਖ ਦੇਸ਼ਾਂ ਦੇ ਅਹਿਮ ਅਹੁਦਿਆਂ ’ਤੇ ਸਜੇ ਹੋਏ ਹਨ ਤਾਂ ਅਜਿਹੇ ਵਿੱਚ ਸਿੱਖਾਂ ’ਤੇ ਹੁੰਦੇ ਨਸਲੀ ਹਮਲਿਆਂ ਦਾ ਚਲਨ ਸਵਾਲ ਪੈਦਾ ਕਰਦਾ ਹੈ। ਵਿਦੇਸ਼ਾਂ ਅੰਦਰ ਭਾਰਤੀਆਂ (ਸਿੱਖਾਂ) ’ਤੇ ਕੀਤੇ ਜਾਂਦੇ ਨਸਲੀ ਹਮਲਿਆਂ ਦੀ ਵਰਤਮਾਨ ਸਥਿਤੀ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇਸ ਦੇ ਪਿਛੋਕੜ ਵਿੱਚ ਝਾਤ ਮਾਰਦੇ ਹਾਂ। ਅਸਲ ਵਿੱਚ ਜਦੋਂ ਭਾਰਤ ਬਰਤਾਨਵੀ ਸਾਮਰਾਜ ਦਾ ਗੁਲਾਮ ਸੀ, ਉਸ ਸਮੇਂ ਕੈਨੇਡਾ ’ਤੇ ਵੀ ਬਰਤਾਨਵੀ ਸਾਮਰਾਜ ਦਾ ਕਬਜਾ ਸੀ। ਉਸ ਸਮੇਂ ਦੀ ਕੈਨੇਡੀਅਨ ਗੋਰੀ ਸਰਕਾਰ ਨਸਲਪ੍ਰਸਤੀ ਤੋਂ ਇੰਨੀ ਪ੍ਰਭਾਵਿਤ ਸੀ ਕਿ ਉਹ ਏਸ਼ੀਅਨ ਲੋਕਾਂ ਦੇ ਕੈਨੇਡਾ ਵਿੱਚ ਦਾਖਲੇ ਨੂੰ ਸੀਮਤ ਰੱਖਣਾ ਚਾਹੁੰਦੀ ਸੀ। ਭਾਰਤ ਦੇ ਬਹੁਤ ਸਾਰੇ ਲੋਕ ਉਨ੍ਹਾਂ ਦੇਸ਼ਾਂ ਵਿੱਚ ਜਾ ਕੇ ਵੱਸਣ ਦਾ ਯਤਨ ਕਰਦੇ ਰਹੇ ਜਿਥੇ-ਜਿਥੇ ਬ੍ਰਿਟਿਸ਼ ਰਾਜ ਸੀ। ਇਨ੍ਹਾਂ ਲੋਕਾਂ ਵਿੱਚ ਬਹੁਤੀ ਗਿਣਤੀ ਪੰਜਾਬੀ ਸਿੱਖਾਂ ਦੀ ਸੀ। ਕੈਨੇਡਾ ਵਿੱਚ ਭਾਰਤੀ ਲੋਕ 1904 ਦੇ ਨੇੜੇ-ਤੇੜੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿੱਚ ਵੈਨਕੂਵਰ ਆ ਕੇ ਵੱਸਣੇ ਸ਼ੁਰੂ ਹੋਏ। ਇਨ੍ਹਾਂ ਲੋਕਾਂ ਵਿੱਚ ਵੱਡੀ ਗਿਣਤੀ ਪੱਗੜੀਧਾਰੀ ਪੰਜਾਬੀਆਂ ਦੀ ਸੀ। ਕੈਨੇਡਾ ਦੇ ਉਸ ਵਕਤ ਦੇ ਹਾਲਾਤ ਅਜਿਹੇ ਸਨ ਕਿ ਉਥੋਂ ਦੀ ਸਰਕਾਰ ਲੁਕਵੇਂ ਰੂਪ ਵਿੱਚ ਕੈਨੇਡਾ ਨੂੰ ਚਿੱਟੇ ਲੋਕਾਂ ਦਾ ਦੇਸ਼ ਹੀ ਰੱਖਣਾ ਚਾਹੁੰਦੀ ਸੀ। ਇਸ ਵਾਸਤੇ ਇਤਨੇ ਵੱਡੇ ਪੱਧਰ ’ਤੇ ਪੱਗੜੀਧਾਰੀ ਲੋਕਾਂ ਦਾ ਇਥੇ ਆ ਕੇ ਵੱਸ ਜਾਣਾ ਗੋਰੇ ਲੋਕਾਂ ਨੂੰ ਪਸੰਦ ਨਹੀਂ ਸੀ। ਕੈਨੇਡਾ ਸਰਕਾਰ ਨੇ ਏਸ਼ੀਅਨ ਲੋਕਾਂ ਦੇ ਦਾਖਲੇ ਨੂੰ ਰੋਕਣ ਲਈ ਦੋ ਫੁਰਮਾਨ ਜਾਰੀ ਕੀਤੇ ਜਿਨ੍ਹਾਂ ਨੂੰ 9 ਮਈ 1910 ਤੋਂ ਲਾਗੂ ਕੀਤਾ ਗਿਆ। ਇਨ੍ਹਾਂ ਫੁਰਮਾਨਾਂ ਵਿੱਚੋਂ ਇਕ ਵਿੱਚ ਇਹ ਸ਼ਰਤ ਸੀ ਕਿ ਏਸ਼ੀਅਨ ਮੂਲ ਦੇ ਕਿਸੇ ਵੀ ਇੰਮੀਗਰੈਂਟ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ, ਜੇਕਰ ਉਸ ਕੋਲ 200 ਡਾਲਰ ਨਾ ਹੋਣ। ਦੂਸਰੇ ਫੁਰਮਾਨ ਵਿੱਚ ਕਿਹਾ ਗਿਆ ਸੀ ਕਿ ਏਸ਼ੀਅਨ ਮੂਲ ਦੇ ਕਿਸੇ ਵੀ ਇੰਮੀਗਰੈਂਟ ਨੂੰ ਕੈਨੇਡਾ ’ਚ ਉਤਰਨ ਦੀ ਇਜਾਜਤ ਨਹੀਂ ਹੋਵੇਗੀ ਜੇਕਰ ਉਹ ਆਪਣੇ ਨਾਗਰਿਕਤਾ ਜਾਂ ਜਨਮ ਵਾਲੇ ਦੇਸ਼ ਤੋਂ ਸਿੱਧਾ ਨਹੀਂ ਆਉਂਦਾ। ਦਰਅਸਲ ਇਹ ਫੁਰਮਾਨ ਭਾਰਤੀਆਂ ਦੇ ਕੈਨੇਡਾ ਵਿੱਚ ਦਾਖਲੇ ਨੂੰ ਰੋਕਣ ਦੇ ਮੰਤਵ ਨਾਲ ਜਾਰੀ ਕੀਤੇ ਗਏ ਸਨ। ਉਸ ਵਕਤ ਹਾਲਾਤ ਅਜਿਹੇ ਸਨ ਕਿ ਕਿਸੇ ਵੀ ਕੰਪਨੀ ਦਾ ਜਹਾਜ਼ ਸਿੱਧਾ ਭਾਰਤ ਤੋਂ ਚੱਲ ਕੇ ਕੈਨੇਡਾ ਨਹੀਂ ਆਉਂਦਾ ਸੀ। ਇਸ ਲਈ ਇਨ੍ਹਾਂ ਕਨੂੰਨਾਂ ਦਾ ਮੰਤਵ ਭਾਰਤੀ ਲੋਕਾਂ ਨੂੰ ਰੋਕਣਾ ਸੀ। ਅਕਤੂਬਰ 1913 ਵਿੱਚ 38 ਭਾਰਤੀ ਯਾਤਰੀ ‘ਪਨਾਮਾ ਮਾਰੂ’ ਜਹਾਜ ਰਾਹੀਂ ਵੈਨਕੂਵਰ ਆ ਪਹੁੰਚੇ। ਨਰਾਇਣ ਸਿੰਘ ਤੇ ਇਸ ਜਹਾਜ਼ ਦੇ ਹੋਰ ਯਾਤਰੀਆਂ ਦੀ ਕੈਨੇਡਾ ਰਹਿਣ ਦੀ ਅਰਜ਼ੀ ਰੱਦ ਕਰ ਦਿੱਤੀ ਗਈ। ਇਨ੍ਹਾਂ 38 ਮੁਸਾਫਰਾਂ ਨੂੰ ਵਾਪਸ ਭੇਜਣ ਦਾ ਹੁਕਮ ਦਿੱਤਾ ਗਿਆ। ਇਹ ਗੋਰੀ ਸਰਕਾਰ ਦਾ ਇਨ੍ਹਾਂ ਲੋਕਾਂ ਨਾਲ ਨਸਲੀ ਵਿਤਕਰਾ ਸੀ। ਅਖੀਰ ਕਈ ਉਲਝਣਾਂ ਤੋਂ ਬਾਅਦ ਇਨ੍ਹਾਂ 38 ਲੋਕਾਂ ਨੂੰ ਕੈਨੇਡਾ ਰਹਿਣ ਦਾ ਹੱਕ ਮਿਲ ਗਿਆ। 8 ਦਸੰਬਰ 1913 ਨੂੰ ਸਰਕਾਰ ਨੇ ਇਕ ਨਵਾਂ ਫੁਰਮਾਨ ਜਾਰੀ ਕੀਤਾ ਜਿਸ ਤਹਿਤ ਬ੍ਰਿਟਿਸ਼ ਕੋਲੰਬੀਆ ਦੀਆਂ ਸਾਰੀਆਂ ਬੰਦਰਗਾਹਾਂ ਤੇ ਬਾਹਰੋਂ ਨਵੇਂ ਆਏ ਲੋਕਾਂ ਦੇ ਦਾਖਲੇ ’ਤੇ ਪਬੰਦੀ ਲਾ ਦਿੱਤੀ ਗਈ। ਇਸੇ ਸਮੇਂ ਦੌਰਾਨ ਬਾਬਾ ਗੁਰਦਿੱਤ ਸਿੰਘ ਨੇ ਜਪਾਨ ਦੀ ਇਕ ਕੰਪਨੀ ਤੋਂ ਇਕ ਜਹਾਜ਼ ‘ਕਾਮਾਗਾਟਾਮਾਰੂ’ ਕਿਰਾਏ ’ਤੇ ਲਿਆ। ਇਸ ਜਹਾਜ਼ ਵਿੱਚ ਹਾਂਗਕਾਂਗ ਤੋਂ 150, ਸ਼ਿੰਗਾਈ ਤੋਂ 111, ਜਾਪਾਨ ਤੋਂ 86 ਅਤੇ ਯੋਕੋਹਾਮਾ ਤੋਂ 14 ਮੁਸ਼ਾਫਿਰ ਸਵਾਰ ਹੋਏ। ਇਨ੍ਹਾਂ ਵਿੱਚ ਬਹੁਤੇ ਪੰਜਾਬੀ ਸਿੱਖ ਸਨ। 23 ਮਈ 1914 ਨੂੰ ਇਹ ਜਹਾਜ਼ ਅਮਲੇ ਸਮੇਤ 376 ਯਾਤਰੀ ਲੈ ਕੇ ਕੈਨੇਡਾ ਦੇ ਪੱਛਮੀ ਤੱਟ ਵੈਨਕੂਵਰ ਬੰਦਰਗਾਹ ’ਤੇ ਪਹੁੰਚਿਆ। ਪਰ ਸਰਕਾਰ ਦੀ ਨਸਲੀ ਸੋਚ ਕਾਰਨ ਇਸ ਜਹਾਜ ਦੇ 20 ਕੈਨੇਡੀਅਨ ਨਾਗਰਿਕਾਂ ਅਤੇ ਇਕ ਡਾਕਟਰ ਅਤੇ ਉਸ ਦੇ ਪਰਿਵਾਰ ਤੋਂ ਬਿਨਾਂ ਕਿਸੇ ਵੀ ਮੁਸਾਫਰ ਨੂੰ ਨਾ ਉਤਰਨ ਦਿੱਤਾ ਗਿਆ। ਇਸੇ ਤਰ੍ਹਾਂ ਵੱਖ-ਵੱਖ ਦੇਸ਼ਾਂ ਵਿੱਚ ਨਸਲੀ ਵਿਤਕਰੇ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ। 15 ਸਤੰਬਰ 2001 ਨੂੰ 49 ਸਾਲਾ ਬਲਬੀਰ ਸਿੰਘ ਸੋਢੀ ਉਤੇ ਮੈਸਾ (ਐਰੀਜੋਨਾ) ਵਿਖੇ ਹਮਲਾ ਕੀਤਾ ਗਿਆ ਜਿਸ ਵਿੱਚ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ 18 ਨਵੰਬਰ 2001 ਨੂੰ ਨਿਊਯਾਰਕ ਵਿੱਚ ਪਲੇਰਮੋ ਵਿਖੇ ਗੁਰਦੁਆਰਾ ਗੋਬਿੰਦ ਸਦਨ ਵਿੱਚ ਤਿਨ ਕਿਸ਼ੋਰ ਉਮਰ ਦੇ ਮੁੰਡਿਆਂ ਨੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਲਾਂਸ ਏਂਜਲਸ (ਕੈਲੀਫੋਰਨੀਆ) ਵਿੱਚ 12 ਸਤੰਬਰ ਨੂੰ ਇੱਕ ਸਟੋਰ ਦੇ ਮਾਲਕ ਸੁਰਿੰਦਰ ਸਿੰਘ ਉਤੇ ਹਮਲਾ ਕੀਤਾ ਗਿਆ। ਇਸੇ ਤਰ੍ਹਾਂ 6 ਅਗਸਤ 2002 ਨੂੰ ਸ. ਸੁਖਪਾਲ ਸਿੰਘ ਉਤੇ ਕਾਰ ਚਲਾਉਂਦੇ ਸਮੇਂ ਡਾਲੀ ਸਿਟੀ (ਕੈਲੀਫੋਰਨੀਆ) ਵਿੱਚ ਹਮਲਾ ਕੀਤਾ ਗਿਆ। ਸਾਲ 2003 ਵਿੱਚ 20 ਮਈ ਨੂੰ ਫੀਨਿਕਸ਼ (ਐਰੀਜੋਨਾ) ਵਿੱਚ ਟਰੱਕ ਡਰਾਈਵਰ ਅਵਤਾਰ ਸਿੰਘ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਇਸੇ ਸਾਲ 25 ਸਤੰਬਰ ਨੂੰ ਟੈਂਪਲ (ਐਰੀਜੋਨਾ) ਵਿੱਚ ਸੁਖਬੀਰ ਸਿੰਘ ਉਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਉਸ ਦੀ ਜਾਨ ਚਲੀ ਗਈ। ਫਰਿਜਨੋ (ਕੈਲੀਫੋਰਨੀਆ) ਦੇ ਇਕ ਗੁਰਦੁਆਰੇ ਵਿੱਚ 13 ਮਾਰਚ 2004 ਨੂੰ ਭੰਨ-ਤੋੜ ਕੀਤੀ ਗਈ। ਇਸੇ ਸਾਲ 12 ਜੁਲਾਈ ਨੂੰ ਨਿਊਯਾਰਕ ਵਿੱਚ ਰਜਿੰਦਰ ਸਿੰਘ ਖਾਲਸਾ ਤੇ ਗੁਰਚਰਨ ਸਿੰਘ ਦੀ ਕੁੱਟਮਾਰ ਕੀਤੀ ਗਈ। 24 ਮਈ 2007 ਵਿੱਚ ਇਕ 15 ਸਾਲਾ ਸਕੂਲੀ ਵਿਦਿਆਰਥੀ ਨੂੰ ਕੁਈਨਜ਼ (ਨਿਊਯਾਰਕ) ਵਿੱਚ ਵਾਲਾਂ ਤੋਂ ਫੜ੍ਹ ਕੇ ਧੂਹਿਆ ਗਿਆ। 14 ਜਨਵਰੀ 2008 ਨੂੰ ਨਿਊਯਾਰਕ ਦੀ ਨਿਊ ਹਾਈਡ ਪਾਰਕ ਵਿੱਚ 63 ਸਾਲਾ ਬਲਜੀਤ ਸਿੰਘ ਉਤੇ ਹਮਲਾ ਹੋਇਆ। ਇਸੇ ਤਰ੍ਹਾਂ ਹੀ 4 ਅਗਸਤ 2008 ਨੂੰ ਫੀਨਿਕਸ (ਐਰੀਜੋਨਾ) ਵਿੱਚ ਇੰਦਰਜੀਤ ਸਿੰਘ ਜੱਸਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ 29 ਅਕਤੂਬਰ 2008 ਨੂੰ ਨਿਊਜਰਸੀ ਵਿੱਚ ਅਜੀਤ ਸਿੰਘ ਚੀਮਾ ’ਤੇ ਹਮਲਾ ਕੀਤਾ ਗਿਆ। 30 ਜਨਵਰੀ 2009 ਨੂੰ ਜਸਮੇਰ ਸਿੰਘ ਉਤੇ ਕੁਈਨਜ਼ ਵਿੱਚ ਹਮਲਾ ਹੋਇਆ ਇਸੇ ਤਰ੍ਹਾਂ ਸੈਕਰਾਮੈਂਟੋ ਵਿੱਚ 29 ਨਵੰਬਰ 2010 ਨੂੰ ਕੈਬ ਡਰਾਈਵਰ ਹਰਭਜਨ ਸਿੰਘ ਉਤੇ ਹਮਲਾ ਕੀਤਾ ਗਿਆ। ਇਸੇ ਤਰ੍ਹਾਂ 6 ਫਰਵਰੀ 2012 ਨੂੰ ਸਟਰਲਿੰਗ ਹਾਈਟਸ (ਮਿਸੀਗਨ) ਦੇ ਗੁਰਦੁਆਰੇ ’ਤੇ ਹਮਲਾ ਕੀਤਾ ਗਿਆ। 5 ਅਗਸਤ 2012 ਦੇ ਦਿਨ ਓਕ-ਕਰੀਕ (ਵਿਸਕਾਨਸਿਨ) ਦੇ ਗੁਰਦੁਆਰੇ ਵਿੱਚ ਹਮਲਾ ਕਰਕੇ 6 ਸਿੱਖ ਸ਼ਰਧਾਲੂਆਂ ਦੀ ਹੱਤਿਆ ਕਰ ਦਿੱਤੀ ਗਈ। 5 ਅਗਸਤ 2014 ਨੂੰ ਨਿਊਯਾਰਕ ਵਿੱਚ ਸਿੱਖ ਨੌਜਵਾਨ ਸੰਦੀਪ ਸਿੰਘ ’ਤੇ ਟਰੱਕ ਚੜ੍ਹਾ ਦਿੱਤਾ ਗਿਆ ਤੇ 7 ਅਗਸਤ 2014 ਨੂੰ ਕੁਈਨਜ ਵਿੱਚ ਸਿੱਖ ਮਾਂ-ਪੁੱਤ ’ਤੇ ਹਮਲਾ ਹੋਇਆ। ਇਸੇ ਤਰ੍ਹਾਂ ਫਰਾਂਸ ਵਿੱਚ ਸਿੱਖਾਂ ’ਤੇ ਪੱਗੜੀ ਪਹਿਨਣ ’ਤੇ ਪਾਬੰਦੀ ਲਾ ਦਿੱਤੀ ਗਈ। ਪੱਗੜੀਧਾਰੀ ਸਿੱਖ ਬੱਚਿਆਂ ਦਾ ਸਕੂਲਾਂ ਵਿੱਚ ਦਾਖਲਾ ਬੰਦ ਕਰ ਦਿੱਤਾ ਗਿਆ। ਕਈ ਹੋਰ ਦੇਸ਼ਾਂ ਵਿੱਚ ਵੀ ਸਿੱਖਾਂ ’ਤੇ ਨਸਲੀ ਟਿੱਪਣੀਆਂ ਕਰਨੀਆਂ ਅਤੇ ਉਨ੍ਹਾਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਪਹੁੰਚਾਉਣ ਦੇ ਯਤਨ ਕੀਤੇ ਜਾਂਦੇ ਰਹੇ। ਅੱਜ ਅਮਰੀਕਾ, ਕੈਨੇਡਾ ਜਿਹੇ ਵਿਕਸਤ ਦੇਸ਼ਾਂ ਵਿੱਚ ਸਿੱਖ ਸਰਕਾਰਾਂ ਵਿੱਚ ਭਾਈਵਾਲ ਹਨ। ਕੈਨੇਡਾ ਦੀ ਸੰਸਦ ਵਿੱਚ 17 ਪੰਜਾਬੀ ਸੰਸਦ ਮੈਂਬਰ ਹਨ ਅਤੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਵਿੱਚ ਚਾਰ ਸਿੱਖ ਮੰਤਰੀ ਹਨ ਜਿਨ੍ਹਾਂ ਕੋਲ ਅਹਿਮ ਮੰਤਰਾਲੇ ਹਨ। ਹਾਲ ਹੀ ਵਿੱਚ ਕੈਨੇਡਾ ਦੀ ਸਰਕਾਰ ਦੇ ਮੁੱਖੀ ਜਸਟਿਨ ਟਰੂਡੋ ਵੱਲੋਂ ਉਥੋਂ ਦੀ ਸੰਸਦ ਵਿੱਚ ਸਿੱਖ ਕੌਮ ਦਾ ਅਹਿਮ ਦਿਹਾੜਾ ਵਿਸਾਖੀ ਮਨਾਉਣ ਸਮੇਂ ਇਕ ਵੱਡਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਕਈ ਦਹਾਕੇ ਪਹਿਲਾਂ ਉਥੋਂ ਦੀ ਸਰਕਾਰ ਵੱਲੋਂ ਨਸਲੀ ਵਤਕਰੇ ਕਾਰਨ ਕਾਮਾਗਾਟਾ ਮਾਰੂ ਜਹਾਜ ਦੇ ਯਾਤਰੀਆਂ ਨੂੰ ਇਥੋਂ ਦੀ ਧਰਤੀ ’ਤੇ ਨਾ ਉਤਰਨ ਦੇਣ ਦੀ ਘਟਨਾ ਲਈ ਸੰਸਦ ਵਿੱਚ ਮਾਫੀ ਮੰਗਣ ਦੀ ਗੱਲ ਆਖੀ ਗਈ ਹੈ। ਇਹ ਉਥੋਂ ਦੀ ਸਰਕਾਰ ਦੀ ਖੁੱਲ੍ਹਦਿਲੀ ਅਤੇ ਘੱਟ ਗਿਣਤੀ ਫਿਰਕਿਆਂ ਲਈ ਉਸਾਰੂ ਸੋਚ ਦਾ ਨਤੀਜਾ ਹੈ। ਸਿੱਖਾਂ ਦੀ ਗੱਲ ਕਰੀਏ ਤਾਂ ਦੁਨੀਆਂ ਵਿੱਚ ਜਦ ਵੀ ਕਦੇ ਸਿੱਖਾਂ ’ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਸਿੱਖ ਮੋਹਰੀ ਰੋਲ ਨਿਭਾਉਂਦੇ ਹਨ। ਸੇਵਾ-ਭਾਵਨਾ ਵਾਲੇ ਪੱਖ ਕਾਰਨ ਸਿੱਖ ਦੁਨੀਆਂ ਵਿੱਚ ਵੱਖਰੀ ਪਛਾਣ ਰੱਖਦੇ ਹਨ। ਇਸ ਦੇ ਬਾਵਜੂਦ ਵੀ ਸਿੱਖਾਂ ਨੂੰ ਘ੍ਰਿਣਾ ਨਾਲ ਵੇਖਣਾ ਜਾਇਜ਼ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਧਾਰਮਿਕ ਸੰਸਥਾ ਹੈ ਅਤੇ ਇਹ ਸਿੱਖਾਂ ’ਤੇ ਵਿਦੇਸ਼ਾਂ ਅੰਦਰ ਹੁੰਦੇ ਨਸਲੀ ਹਮਲਿਆਂ ਨੂੰ ਲੈ ਕੇ ਹਮੇਸ਼ਾਂ ਚਿੰਤਤ ਰਹੀ ਹੈ। ਜਦ ਵੀ ਕਿਸੇ ਦੇਸ਼ ਵਿੱਚ ਸਿੱਖਾਂ ’ਤੇ ਨਸਲੀ ਹਮਲੇ ਹੋਏ ਹਨ ਤਾਂ ਸ਼੍ਰੋਮਣੀ ਕਮੇਟੀ ਨੇ ਸਬੰਧਿਤ ਸਰਕਾਰਾਂ ਕੋਲ ਸਮੇਂ-ਸਮੇਂ ’ਤੇ ਇਹ ਮਸਲੇ ਉਠਾਏ ਹਨ। ਇਸੇ ਚਿੰਤਾ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਮਾਨਯੋਗ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਨ੍ਹਾਂ ਨਸਲੀ ਹਮਲਿਆਂ ਦਾ ਹੱਲ ਲੱਭਣ ਲਈ ਸੁਹਿਰਦਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਵੱਲੋਂ 7 ਅਪ੍ਰੈਲ 2016 ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ‘ਤੇਜਾ ਸਿੰਘ ਸਮੁੰਦਰੀ ਹਾਲ’ ਵਿਖੇ ਸਿੱਖ ਬੁੱਧੀਜੀਵੀਆਂ, ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘ ਦਲਾਂ ’ਤੇ ਵੱਖ-ਵੱਖ ਅਦਾਰਿਆਂ ਦੇ ਮੁਖੀਆਂ ਦੀ ਇਕ ਵਿਸ਼ੇਸ ਇਕੱਤਰਤਾ ਬੁਲਾਈ ਗਈ। ਇਸ ਇਕੱਤਰਤਾ ਵਿੱਚ ਸਿੱਖ ਵਿਦਵਾਨਾਂ ਵੱਲੋਂ ਬੜੇ ਅਹਿਮ ਨੁਕਤੇ ਉਠਾਏ ਗਏ ਅਤੇ ਆਪੋ-ਆਪਣੇ ਸੁਝਾਅ ਪੇਸ਼ ਕੀਤੇ ਗਏ, ਜਿਨ੍ਹਾਂ ਦਾ ਤੱਤਸਾਰ ਇਹ ਸੀ ਕਿ ਸਿੱਖ ਇਕ ਵੱਖਰੀ ਕੌਮ ਹੈ ਅਤੇ ਗੁਰੂ ਬਖਸ਼ਿਆ ਸਾਬਤ ਸੂਰਤ ਦਸਤਾਰਧਾਰੀ ਸਰੂਪ ਇਸ ਦੀ ਪਹਿਚਾਣ ਹੈ। ਦੁਨੀਆਂ ਦੇ ਹਰੇਕ ਕੋਨੇ ਅੰਦਰ ਅੱਜ ਸਿੱਖ ਮੌਜੂਦ ਹਨ ਅਤੇ ਭਰਪੂਰ ਮਿਹਨਤ ਤੇ ਇਮਾਨਦਾਰੀ ਨਾਲ ਵੱਖ-ਵੱਖ ਦੇਸ਼ਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਿੱਸਾ ਪਾ ਰਹੇ ਹਨ, ਪਰ ਅਫਸੋਸ ਦੀ ਗੱਲ ਹੈ ਕਿ ਅੱਜ ਵਿਦੇਸ਼ਾਂ ਅੰਦਰ ਸਿੱਖਾਂ ’ਤੇ ਨਸਲੀ ਹਮਲੇ ਹੋ ਰਹੇ ਹਨ। ਕਦੇ ਪਬਲਿਕ ਸਥਾਨਾਂ ’ਤੇ ਸਿੱਖਾਂ ਖਿਲਾਫ ਨਸਲੀ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਅਤੇ ਕਦੇ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ’ਤੇ ਹਮਲੇ ਕੀਤੇ ਜਾਂਦੇ ਹਨ। ਅੱਜ ਲੋੜ ਹੈ ਕਿ ਸਿੱਖ ਪਹਿਚਾਣ ਦੇ ਭੁਲੇਖਿਆਂ ਨੂੰ ਦੂਰ ਕਰਨ ਲਈ ਸਮੁੱਚਾ ਪੰਥ ਇਕਜੁੱਟ ਹੋ ਕੇ ਯਤਨ ਕਰੇ। ਸਿੱਖ ਪਹਿਚਾਣ ਬਾਰੇ ਸਾਹਿਤ ਛਾਪਿਆ ਜਾਵੇ ਅਤੇ ਇਹ ਜ਼ਿੰਮੇਵਾਰੀ ਸਿੱਖ ਬੁੱਧੀਜੀਵੀ ਅਤੇ ਸਕਾਲਰ ਨਿਭਾਉਣ। ਭਾਰਤ ਦੀ ਕੇਂਦਰ ਸਰਕਾਰ ਵੀ ਸਿੱਖਾਂ ’ਤੇ ਹੁੰਦੇ ਨਸਲੀ ਹਮਲਿਆਂ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨਾਲ ਗੱਲ ਕਰੇ ਅਤੇ ਸਿੱਖਾਂ ਦੀ ਸੁਰੱਖਿਆਂ ਯਕੀਨੀ ਬਣਾਉਣ ਲਈ ਉਨ੍ਹਾਂ ’ਤੇ ਜ਼ੋਰ ਪਾਏ। ਇਸ ਮੌਕੇ ਪੇਸ਼ ਸੁਝਾਵਾਂ ਨੂੰ ਘੋਖਣ-ਵਿਚਾਰਨ ਤੋਂ ਬਾਅਦ ਅਮਲ ਵਿੱਚ ਲਿਆਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਇੱਕੀ ਮੈਂਬਰੀ ਕਮੇਟੀ ਦਾ ਗਠਿਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਕੋਸ਼ਿਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਸਵਾਗਤ ਕਰਨਾ ਬਣਦਾ ਹੈ। ਆਸ ਹੈ ਕਿ ਇਨ੍ਹਾਂ ਕੋਸ਼ਿਸ਼ਾਂ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ।