ਟਰੱਕ ਦੀ ਟੱਕਰ ਵੱਜਣ ਕਾਰਨ ਮੋਟਰ ਸਾਈਕਲ ਸਵਾਰ ਦੀ ਮੌਤ

ਹਰੀਕੇ ਪੱਤਣ,-ਰਾਸ਼ਟਰੀ ਮਾਰਗ 54 ‘ਤੇ ਪਿੰਡ ਨੱਥੂਪੁਰ ਵਿਖੇ ਤੇਜ਼ ਰਫਤਾਰ ਟਰੱਕ ਦੀ ਟੱਕਰ ਵੱਜਣ ਕਾਰਨ ਇੱਕ ਮੋਟਰ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ | ਥਾਣਾ ਹਰੀਕੇ ਪੁਲਿਸ ਨੇ ਟਰੱਕ ਡਰਾਈਵਰ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਕਾਬਲ ਸਿੰਘ ਵਾਸੀ ਬਾਹਮਣੀ ਵਾਲਾ ਥਾਣਾ ਪੱਟੀ ਦੀ ਪਤਨੀ ਸੰਦੀਪ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੈਂ ਆਪਣੇ ਪੇਕੇ ਪਿੰਡ ਜੌਣੇਕੇ ਵਿਖੇ ਆਈ ਹੋਈ ਸੀ ਕਿ ਕੱਲ ਮੇਰਾ ਪਤੀ ਮੈਨੂੰ ਲੈਣ ਵਾਸਤੇ ਜੋੌਣੇਕੇ ਆਇਆ ਸੀ ਕਿ ਰਾਤ 9.30 ਵਜੇ ਦੇ ਕਰੀਬ ਅਸੀਂ ਬਾਹਮਣੀ ਵਾਲਾ ਜਾਣ ਵਾਸਤੇ ਮੋਟਰ ਸਾਈਕਲਾਂ ਤੇ ਚੱਲ ਪਏ | ਮੈਂ ਦੂਸਰੇ ਮੋਟਰ ਸਾਈਕਲ ‘ਤੇ ਆਪਣੇ ਭਰਾ ਨਾਲ ਆਪਣੀਆਂ ਦੋ ਬੱਚੀਆਂ ਸਮੇਤ ਜਾ ਰਹੀ, ਜਦ ਕਿ ਮੇਰਾ ਪਤੀ ਅੱਗੇ ਸਪਲੈਂਡਰ ਮੋਟਰ ਸਾਈਕਲ ‘ਤੇ ਚੱਲ ਪਿਆ ਕਿ ਪਿੰਡ ਨੱਥੂਪੁਰ ਵਿਖੇ ਪਹੁੰਚਣ ਤੇ ਸਾਹਮਣੇ ਤੋ ਆ ਰਹੇ ਟਰੱਕ ਨੰ: ਜੀ.ਜੇ. 12 ਜੈੱਡ 9562 ਨੇ ਤੇਜ਼ ਗਤੀ ਵਿਚ ਕਿਸੇ ਵਾਹਨ ਨੂੰ ਓਵਰਟੇਕ ਕਰਦਿਆਂ ਲਾਪ੍ਰਵਾਹੀ ਨਾਲ ਟਰੱਕ ਮੇਰੇ ਪਤੀ ਦੇ ਮੋਟਰ ਸਾਈਕਲ ਵਿਚ ਮਾਰ ਦਿੱਤਾ | ਜਿਸ ਨਾਲ ਮੇਰਾ ਪਤੀ ਕਾਬਲ ਸਿੰਘ ਗੰਭੀਰ ਜਖ਼ਮੀ ਹੋ ਗਿਆ ਜਿਸਨੂੰ ਅਸੀਂ ਐਾਬੂਲੈਂਸ ਵਿਚ ਪਾ ਕੇ ਸਰਹਾਲੀ ਹਸਪਤਾਲ ਵਿਖੇ ਲੈ ਗਏ ਜਿਥੇ ਕਿ ਉਸਦੀ ਮੌਤ ਹੋ ਗਈ | ਪੁਲਿਸ ਨੇ ਟਰੱਕ ਡਰਾਈਵਰ ਨਰੈਣਾ ਰਾਮ ਪੁੱਤਰ ਬੈਂਕਾ ਰਾਮ ਵਾਸੀ ਕੈਸਾਰੀਆ ਜ਼ਿਲ੍ਹਾ ਬਾੜਮੇਲ (ਰਾਜਸਥਾਨ) ਨੂੰ ਟਰੱਕ ਸਮੇਤ ਕਾਬੂ ਕਰਕੇ ਉਸਦੇ ਖਿਲਾਫ ਧਾਰਾ 304 ਏ, 279, 427 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |