ਡੀ. ਪੀ. ਆਈ. (ਸੈ. ਸਿੱ.) ਨੂੰ ਮਿਲਣਗੇ ਸਰੀਰਕ ਸਿੱਖਿਆ ਅਧਿਆਪਕ

ਬਠਿੰਡਾ, -ਸਰੀਰਕ ਸਿੱਖਿਆ ਵਿਸ਼ੇ ਦੀਆਂ ਸਮੱਸਿਆਵਾਂ ਅਤੇ ਖੇਡਾਂ ਦੇ ਮਸਲਿਆਂ ਨੂੰ ਲੈ ਕੇ ਸਰੀਰਕ ਸਿੱਖਿਆ ਅਤੇ ਸਪੋਰਟਰ ਟੀਚਰਜ਼ ਐਸੋਸੀਏਸ਼ਨ ਦੇ ਬੈਨਰ ਹੇਠ ਸਰੀਰਕ ਸਿੱਖਿਆ ਅਧਿਆਪਕ ਅਗਲੇ ਮਹੀਨੇ ਡੀ. ਪੀ. ਆਈ. (ਸੈ. ਸਿੱ.) ਪੰਜਾਬ ਨੂੰ ਮਿਲਣਗੇ | ਸੂਬਾ ਪ੍ਰਧਾਨ ਸੁਖਰਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਵਿਚਾਰ-ਚਰਚਾ ਬਾਰੇ ਜਾਣਕਾਰੀ ਦਿੰਦਿਆਂ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਸਰੀਰਕ ਸਿੱਖਿਆ ਐਸੋਸੀਏਸ਼ਨ ਅਤੇ ਪ੍ਰੈਸ ਸਕੱਤਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਨੇ ਸਕੂਲਾਂ ਵਿਚ ਛੇਵੀਂ ਤੋਂ ਦਸਵੀਂ ਸ੍ਰੇਣੀ ਤੱਕ 6-6 ਪੀਰੀਅਡ ਸਰੀਰਕ ਸਿੱਖਿਆ ਵਿਸ਼ੇ ਦੇ ਦਿੱਤੇ ਗਏ ਹਨ, ਜਿਨ੍ਹਾਂ ਨੂੰ ਸਕੂਲਾਂ ਵਿਚ ਅਮਲੀ ਰੂਪ ਵਿਚ ਲਾਗੂ ਕਰਵਾਇਆ ਜਾਣਾ ਚਾਹੀਦਾ ਹੈ | ਸਪੋਰਟਸ ਫੰਡ ਦਾ 80 ਪ੍ਰਤੀਸ਼ਤ ਹਿੱਸਾ, ਜੋ ਸਿੱਖਿਆ ਵਿਭਾਗ ਨੂੰ ਭੇਜਿਆ ਜਾਂਦਾ, ਉਸ ਨੂੰ ਵਿਭਾਗ ਘੱਟ ਕਰਕੇ ਸਕੂਲ ਨੂੰ ਆਪਣੇ ਕੋਲ ਰੱਖਣ ਦੀ ਹਦਾਇਤ ਕਰੇ ਤਾਂ ਜੋ ਖੇਡ ਦਾ ਸਮਾਨ ਖਰੀਦਿਆ ਜਾ ਸਕੇ | ਇਸ ਤੋਂ ਇਲਾਵਾ ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਅਤੇ ਸਕੂਲਾਂ ਵਿਚ ਗ੍ਰੇਡੇਸ਼ਨ ਵਾਲੀਆਂ ਖੇਡਾਂ ਹੀ ਕਰਵਾਈਆਂ ਜਾਣ |