ਦੋ ਬੱਚਿਆਂ ਦੀ ਮਾਂ ਨੇ ਆਸ਼ਕ ਨਾਲ ਮਿਲ ਟੱਪੀਆਂ ਹੱਦਾਂ, ਅੱਧੀ ਰਾਤ ਕਰ ਦਿੱਤਾ ਦਿਲ ਦਹਿਲਾਉਣ ਵਾਲਾ ਕਾਂਡ

ਸਿੱਧਵਾਂ ਬੇਟ : ਬੀਤੀ ਰਾਤ ਪਿੰਡ ਖੁਰਸੈਦਪੁਰਾ ਦੀ ਰਹਿਣ ਵਾਲੀ ਇਕ ਔਰਤ ਵਲੋਂ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਨੂੰ ਜ਼ਹਿਰੀਲਾ ਪਦਾਰਥ ਤੇ ਸਿਰ ‘ਚ ਟੰਬਾ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਿਤਾ ਮਹਿੰਦਰ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਖੁਰਸੈਦਪੁਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸ ਦਾ ਲੜਕਾ ਸੁਖਪਾਲ ਸਿੰਘ (40) ਜਿਸ ਦੇ ਦੋ ਬੱਚੇ ਸਨ ਉਸ ਤੋਂ ਵੱਖ ਰਹਿੰਦਾ ਸੀ। ਸੁਖਪਾਲ ਦੀ ਪਤਨੀ ਰਣਜੀਤ ਕੌਰ ਉਰਫ ਰਾਣੀ ਦਾ ਚਾਲ ਚੱਲਣ ਠੀਕ ਨਹੀਂ ਸੀ ਤੇ ਉਹ ਕਈ-ਕਈ ਦਿਨ ਘਰੋਂ ਗਾਇਬ ਰਹਿੰਦੀ ਸੀ, ਜਿਸ ਨੂੰ ਸੁਖਪਾਲ ਰੋਕਦਾ ਸੀ ਤੇ ਇਸ ਕਰ ਕੇ ਅਕਸਰ ਉਨ੍ਹਾਂ ਦੇ ਘਰ ਕਲੇਸ਼ ਰਹਿੰਦਾ ਸੀ।
ਬੀਤੀ ਰਾਤ ਸੁਖਪਾਲ ਦੇ ਘਰ ਰੌਲਾ ਪੈ ਰਿਹਾ ਸੀ ਜਦ ਉਨ੍ਹਾਂ ਉਥੇ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਨੂੰਹ ਰਣਜੀਤ ਕੌਰ, ਉਸ ਦਾ ਆਸ਼ਕ ਕਾਕਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਰਜੀਆਂ ਬਿਹਾਰੀਪੁਰ ਤੇ ਇਕ ਅਣਪਛਾਤਾ ਵਿਅਕਤੀ ਸੁਖਪਾਲ ਦੀ ਕੁੱਟਮਾਰ ਕਰ ਰਹੇ ਸਨ। ਮਹਿੰਦਰ ਸਿੰਘ ਅਨੁਸਾਰ ਉਕਤ ਦੋਸ਼ੀਆਂ ਨੇ ਪਹਿਲਾਂ ਉਸ ਦੇ ਲੜਕੇ ਸੁਖਪਾਲ ਨੂੰ ਪੰਜੀਰੀ ‘ਚ ਮਿਲਾ ਕੇ ਕੋਈ ਜ਼ਹਿਰੀਲਾ ਪਦਾਰਥ ਦਿੱਤਾ ਤੇ ਬਾਅਦ ਵਿਚ ਕਾਕੇ ਨੇ ਉਸ ਦੇ ਸਿਰ ਵਿਚ ਲੱਕੜ ਦਾ ਟੰਬਾ ਮਾਰਿਆ, ਜਿਸ ਨਾਲ ਸੁਖਪਾਲ ਦੀ ਮੌਤ ਹੋ ਗਈ। ਉਪਰੰਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਥਾਣਾ ਮੁਖੀ ਅਨੁਸਾਰ ਦੋਸ਼ੀਆਂ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਭਰੋਸੇਯੋਗ ਸੂਤਰਾਂ ਅਨੁਸਾਰ ਪੁਲਸ ਨੇ ਮੁੱਖ ਦੋਸ਼ੀ ਕਾਕਾ ਸਿੰਘ ਤੇ ਰਣਜੀਤ ਕੌਰ ਨੂੰ ਕਾਬੂ ਕਰ ਲਿਆ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।