ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਇਆ ਯੋਗਾ ਬਾਰੇ ਯੂਥ ਪਾਰਲੀਮੈਂਟ ਪ੍ਰੋਗਰਾਮ

ਤਰਨ ਤਾਰਨ, -ਸਥਾਨਿਕ ਨਹਿਰੂ ਯੁਵਾ ਕੇਂਦਰ ਵੱਲੋਂ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਬਿਕਰਮ ਸਿੰਘ ਗਿੱਲ ਦੀ ਅਗਵਾਈ ਹੇਠ ਜ਼ਿਲ੍ਹੇ ਭਰ ‘ਚੋਂ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਰੰਭੀ ਮੁਹਿੰਮ ਤਹਿਤ ਲੋਕ ਕਲਿਆਣ ਸੰਮਤੀ ਦੇ ਸਹਿਯੋਗ ਨਾਲ ਤਰਨ ਤਾਰਨ ਦੇ ਯੂਥ ਹੋਸਟਲ ਵਿਖੇ ਇਕ ਰੋਜ਼ਾ ਬਲਾਕ ਪੱਧਰੀ ਲੇਬਰ ਹੁਡ ਯੂਥ ਪਾਰਲੀਮੈਂਟ (ਯੋਗਾ) ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਤਰਨ ਤਾਰਨ ਨਾਲ ਸਬੰਧਿਤ ਨੌਜਵਾਨ ਲੜਕੇ-ਲੜਕੀਆਂ ਨੇ ਹਿੱਸਾ ਲਿਆ | ਇਸ ਮੌਕੇ ਵਿਸ਼ੇਸ਼ ਤੌਰ ‘ਤੇ ਲੋਕ ਕਲਿਆਣ ਸੰਮਤੀ ਦੇ ਆਗੂ ਜਗਮੋਹਨ ਸਿੰਘ ਗਿੱਲ ਨੇ ਹਾਜ਼ਰੀਨ ਨੂੰ ਯੋਗਾ ਪ੍ਰਤੀ ਜਾਣਕਾਰੀ ਦਿੰਦਿਆਂ ਯੋਗਾ ਦੀਆਂ ਅਲੱਗ-ਅਲੱਗ ਕਿਰਿਆਵਾਂ ਕਰਵਾ ਕੇ ਇਸਦੇ ਲਾਭ ਅਤੇ ਹਾਨੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਯੋਗਾ ਸਰੀਰਕ ਰੋਗਾਂ ਨੂੰ ਮੁਕਤੀ ਦਿਵਾਉਣ ਲਈ ਸਭ ਤੋਂ ਉੱਤਮ ਕਿਰਿਆ ਹੈ ਤੇ ਇਸ ਨਾਲ ਹਰੇਕ ਤਰ੍ਹਾਂ ਦੇ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਇਸ ਲਈ ਹਰੇਕ ਇਨਸਾਨ ਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਯੋਗ ਅਭਿਆਸ ਕਰਨਾ ਚਾਹੀਦਾ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਇੰਚਾਰਜ਼ ਯੋਗਾ ਪ੍ਰੋਗਰਾਮ, ਨਿਰਮਲਜੀਤ ਕੌਰ ਪ੍ਰਧਾਨ ਬਾਬਾ ਹਜ਼ਾਰਾ ਸਿੰਘ ਵੈੱਲਫੇਅਰ ਸੁਸਾਇਟੀ, ਅਮਨਦੀਪ ਕੌਰ, ਮਮਤਾ ਕੁਮਾਰੀ, ਅਮਨਦੀਪ ਕੌਰ ਆਦਿ ਨੇ ਵੀ ਯੋਗਾ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਗੁਰਵਿੰਦਰ ਸਿੰਘ ਮਾੜੀ ਨੌ ਅਬਾਦ, ਲਖਵਿੰਦਰ ਸਿੰਘ ਬੱਠੇ ਭੈਣੀ, ਅਮਨਦੀਪ ਕੌਰ, ਗਗਨਦੀਪ ਕੌਰ ਆਦਿ ਤੋਂ ਇਲਾਵਾ ਬਲਾਕ ਤਰਨਤਾਰਨ ਨਾਲ ਸਬੰਧਿਤ ਯੂਥ ਕਲੱਬਾਂ ਦੇ ਪ੍ਰਧਾਨ ਅਤੇ ਅਹੁਦੇਦਾਰ ਵੀ ਹਾਜ਼ਰ ਸਨ |