ਨਾਜਾਇਜ਼ ਸੰਬੰਧਾਂ ਦੇ ਚਲਦਿਆਂ ਹੋਏ ਕਤਲ ਦੇ ਦੋਸ਼ਾਂ ‘ਚੋਂ 3 ਬਰੀ

ਸੰਗਰੂਰ, -ਜ਼ਿਲ੍ਹਾ ਸੈਸ਼ਨ ਜੱਜ ਬਲਬੀਰ ਸਿੰਘ ਦੀ ਅਦਾਲਤ ਨੇ ਨਜਾਇਜ਼ ਸੰਬੰਧਾਂ ਦੇ ਚਲਦਿਆਂ ਹੋਏ ਕਤਲ ਦੇ ਦੋਸ਼ਾਂ ‘ਚੋਂ ਤਿੰਨ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਪ੍ਰੀਤਇੰਦਰਜੀਤ ਕੌਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਥਾਣਾ ਭਵਾਨੀਗੜ੍ਹ ਵਿਖੇ 26 ਅਗਸਤ 2015 ਨੂੰ ਦਰਜ ਮਾਮਲੇ ਮੁਤਾਬਿਕ ਬਲਵੀਰ ਸਿੰਘ ਸਾਬਕਾ ਸਰਪੰਚ ਪਿੰਡ ਢੰਡੋਲੀ ਖੁਰਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਰਾਜ ਕੌਰ ਕਾਹਨਗੜ੍ਹ ਦੇ ਮਹਿੰਦਰ ਪਾਲ ਸਿੰਘ ਨਾਲ ਸ਼ਾਦੀਸ਼ੁਦਾ ਹੈ | ਭਣੋਈਏ ਮਹਿੰਦਰਪਾਲ ਸਿੰਘ ਨੇ ਸੁੰਦਰ ਬਸਤੀ ਪਾਤੜਾਂ ਵਿਖੇ ਆਪਣੇ ਇੱਕ ਮਕਾਨ ਨੂੰ ਸਰਬਜੀਤ ਕੌਰ ਵਾਸੀ ਗਾਜੇਵਾਸ ਨੂੰ ਕਿਰਾਏ ਉੱਤੇ ਦਿੱਤਾ ਸੀ | ਮਹਿੰਦਰਪਾਲ ਸਿੰਘ ਮਕਾਨ ਦਾ ਕਿਰਾਇਆ ਲੈਣ ਲਈ ਸਰਬਜੀਤ ਕੌਰ ਦੇ ਘਰ ਆਉਂਦਾ ਰਹਿੰਦਾ ਸੀ ਜਿਸ ਦੇ ਚਲਦਿਆਂ ਉਸ ਦੇ ਸਰਬਜੀਤ ਕੌਰ ਨਾਲ ਨਜਾਇਜ਼ ਸੰਬੰਧ ਹੋ ਗਏ ਜਿਸ ਕਾਰਨ ਭੈਣ ਰਾਜ ਕੌਰ ਦਾ ਭਣੋਈਏ ਮਹਿੰਦਰਪਾਲ ਸਿੰਘ ਨਾਲ ਅਕਸਰ ਝਗੜਾ ਰਹਿੰਦਾ ਸੀ | ਸਰਬਜੀਤ ਕੌਰ ਦੇ ਮਨਪ੍ਰੀਤ ਸਿੰਘ ਵਾਸੀ ਭਵਾਨੀਗੜ੍ਹ ਨਾਲ ਵੀ ਨਜਾਇਜ਼ ਸੰਬੰਧ ਸਨ | ਮਹਿੰਦਰਪਾਲ ਸਿੰਘ ਮਨਪ੍ਰੀਤ ਸਿੰਘ ਨੂੰ ਉੱਥੋਂ ਆਉਣ ਤੋਂ ਰੋਕਦਾ ਸੀ ਜਿਸ ਕਾਰਨ ਸਰਬਜੀਤ ਕੌਰ ਨੇ ਮਹਿੰਦਰਪਾਲ ਸਿੰਘ ਦਾ ਪਾਤੜਾਂ ਵਾਲਾ ਘਰ ਛੱਡ ਕੇ ਭਵਾਨੀਗੜ੍ਹ ਰਿਹਾਇਸ਼ ਕਰ ਲਈ | ਮਹਿੰਦਰਪਾਲ ਸਿੰਘ ਸਰਬਜੀਤ ਕੌਰ ਨੂੰ ਮਿਲਣ ਲਈ ਭਵਾਨੀਗੜ੍ਹ ਜਾਣ ਲੱਗ ਪਿਆ | 24 ਸਤੰਬਰ 2015 ਨੂੰ ਮਹਿੰਦਰਪਾਲ ਸਿੰਘ ਆਪਣੇ ਟੈਂਪੂ ਉੱਤੇ ਸਰਬਜੀਤ ਕੌਰ ਨੂੰ ਮਿਲਣ ਲਈ ਭਵਾਨੀਗੜ੍ਹ ਚਲਿਆ ਗਿਆ ਅਤੇ 24 ਸਤੰਬਰ ਦੀ ਸ਼ਾਮ ਨੂੰ ਘਰ ਵਾਪਸ ਨਾ ਆਇਆ | ਭਾਲ ਕਰਨ ਉੱਤੇ 26 ਸਤੰਬਰ ਨੂੰ ਮਹਿੰਦਰਪਾਲ ਸਿੰਘ ਦੀ ਲਾਸ਼ ਖਨਾਲ ਕਲਾਂ ਦੇ ਨੇੜੇ ਨਹਿਰ ਵਿਚੋਂ ਮਿਲ ਗਈ ਜਿਸ ਦੇ ਸਿਰ ਸੱਟਾਂ ਲੱਗੀਆਂ ਹੋਈਆਂ ਸਨ | ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉੱਤੇ ਸਰਬਜੀਤ ਕੌਰ ਵਾਸੀ ਭਵਾਨੀਗੜ੍ਹ, ਮਨਪ੍ਰੀਤ ਸਿੰਘ ਮਨੀ ਵਾਸੀ ਭਵਾਨੀਗੜ੍ਹ ਅਤੇ ਲਖਬੀਰ ਸਿੰਘ ਲੱਖੀ ਵਾਸੀ ਭਵਾਨੀਗੜ੍ਹ ਦੇ ਿਖ਼ਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ | ਹੁਣ ਅਦਾਲਤ ਵਿਚ ਸੁਣਵਾਈ ਮੁਕੰਮਲ ਹੋਣ ਉੱਤੇ ਜੱਜ ਨੇ ਤਿੰਨੋਂ ਸਰਬਜੀਤ ਕੌਰ, ਮਨਪ੍ਰੀਤ ਸਿੰਘ ਮਨੀ ਤੇ ਲਖਬੀਰ ਸਿੰਘ ਲੱਖੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ |