ਨੀਲੇ ਕਾਰਡਾਂ ਤੇ ਹੋਰ ਭਲਾਈ ਸਕੀਮਾਂ ਸਬੰਧੀ ਲੱਗੇ ਕੈਂਪ ਦਾ ਵੱਡੀ ਗਿਣਤੀ ਲੋਕਾਂ ਨੇ ਲਾਭ ਲਿਆ- ਐਸ.ਡੀ.ਐਮ.

ਨਵਾਂਸ਼ਹਿਰ, – ਨੀਲੇ ਕਾਰਡਾਂ ਤੇ ਹੋਰ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਨੂੰ ਦੇਣ ਦੇ ਉਦੇਸ਼ ਨਾਲ ਜਾਫਰਪੁਰ ਅਤੇ ਬਜੀਦਪੁਰ ਵਿਖੇ ਵਿਸ਼ੇਸ਼ ਕੈਂਪ ਲਗਾਏ ਗਏ | ਇਨ੍ਹਾਂ ਕੈਂਪਾਂ ਵਿਚ 103 ਆਟਾ-ਦਾਲ ਦੀਆਂ ਨਵੀਆਂ ਅਤੇ 79 ਪੈਨਸ਼ਨ ਅਰਜ਼ੀਆਂ ਆਈਆਂ, ਜਿਹੜੀ ਮੌਕੇ ‘ਤੇ ਹੀ ਪਟਵਾਰੀਆਂ ਨੂੰ ਰਿਪੋਰਟ ਕਰਨ ਲਈ ਸੌਾਪ ਦਿੱਤੀਆਂ ਗਈਆਂ | ਐਸ.ਡੀ.ਐਮ. ਨਵਾਂਸ਼ਹਿਰ ਜੀਵਨ ਜਗਜਤੋ ਕੌਰ ਨੇ ਦੱਸਿਆ ਕਿ ਜਾਫਰਪੁਰ ਵਿਖੇ ਨਾਇਬ ਤਹਿਸੀਲਦਾਰ, ਨਵਾਂਸ਼ਹਿਰ ਜਸਕਰਨ ਸਿੰਘ ਦੀ ਅਗਵਾਈ ਹੇਠ ਬੈਰਸੀਆਂ, ਹਿਆਲਾ, ਸਲੋਹ, ਕਰੀਮਪੁਰ, ਕੋਟ ਰਾਂਝਾ, ਕਰਿਆਮ, ਬੇਗਮਪੁਰ, ਗਰਚਾ, ਕੰਗ, ਕਾਹਲੋਂ ਪਿੰਡਾਂ ਦੇ ਲੋਕਾਂ ਨੂੰ ਲਾਭ ਦਿੱਤਾ ਗਿਆ | ਬਜੀਦਪੁਰ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਨਵਾਂਸ਼ਹਿਰ ਰਾਜੇਸ਼ ਚੱਢਾ ਦੀ ਅਗਵਾਈ ਹੇਠ ਲਾਏ ਗਏ ਕੈਂਪ ਵਿੱਚ ਬਜੀਦਪੁਰ, ਗੜ੍ਹਪਧਾਣਾ, ਜੁਲਾਹਮਾਜਰਾ, ਬੇਗੋਵਾਲ, ਖੋਜਾ, ਗੜ੍ਹੀ ਭਾਰਟੀ, ਭਾਰਟਾ ਕਲਾਂ, ਦੁਧਾਲਾ ਪਿੰਡਾਂ ਦੇ ਲੋਕਾਂ ਨੂੰ ਲਾਭ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਆਟਾ-ਦਾਲ ਅਤੇ ਪੈਨਸ਼ਨਾਂ ਦੀ ਸੁਵਿਧਾ ਦੇਣ ਤੋਂ ਇਲਾਵਾ ਇਨ੍ਹਾਂ ਪਿੰਡਾਂ ਨੂੰ ਦਰਪੇਸ਼ ਪੀਣ ਵਾਲੇ ਪਾਣੀ ਤੇ ਬਿਜਲੀ ਆਦਿ ਨਾਲ ਸਬੰਧਤ ਸਮੱਸਿਆਵਾਂ ਵੀ ਪੁੱਛੀਆਂ ਗਈਆਂ | ਇਸ ਤੋਂ ਇਲਾਵਾ ਲੋਕਾਂ ਨੂੰ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਆਟਾ ਦਾਲ ਕਾਰਡ ਧਾਰਕਾਂ ਨੂੰ ਮਿਲਦੇ 50 ਹਜ਼ਾਰ ਰੁਪਏ ਤੱਕ ਦੇ ਮੁਫ਼ਤ ਇਲਾਜ ਅਤੇ ਘਰ ਦੇ ਮੁਖੀ ਦੀ ਦੁਰਘਟਨਾ ਵਿੱਚ ਮੌਤ ਹੋਣ ਜਾਂ ਉਮਰ ਭਰ ਲਈ ਅਪੰਗ ਹੋਣ ‘ਤੇ 5 ਲੱਖ ਰੁਪਏ ਦੇ ਮੁਆਵਜ਼ਾ ਦਿੱਤੇ ਜਾਣ ਬਾਰੇ ਵੀ ਜਾਣਕਾਰੀ ਦਿੱਤੀ ਗਈ |