ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ‘ਤੇ ਮਨਰੇਗਾ ਅਧੀਨ 30 ਕਰੋੜ 31 ਲੱਖ ਰੁਪਏ ਖ਼ਰਚ ਕੀਤੇ ਗਏ-ਸੰਘਾ

ਫ਼ਤਹਿਗੜ੍ਹ ਸਾਹਿਬ,-ਵੱਖ-ਵੱਖ ਵਿਭਾਗਾਂ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਵੱਖ-ਵੱਖ ਸੇਵਾਵਾਂ ਨੂੰ ਹਰੇਕ ਵਿਅਕਤੀ ਤੱਕ ਪਹੰੁਚਾਉਣ ਲਈ ਸਰਲ ਪ੍ਰਕਿਰਿਆ ਤਿਆਰ ਕਰਨ ਬਾਰੇ ਸਮੂਹ ਅਧਿਕਾਰੀ ਆਪਣੇ ਸੁਝਾਅ ਭੇਜਣ ਤਾਂ ਜੋ ਇਹ ਸੇਵਾਵਾਂ ਬਿਨਾਂ ਕਿਸੇ ਦੇਰੀ ਦੇ ਨਿਸ਼ਚਿਤ ਸਮੇਂ ਅੰਦਰ ਆਮ ਲੋਕਾਂ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਲਾਭ ਦਿੱਤਾ ਜਾ ਸਕੇ | ਇਹ ਆਦੇਸ਼ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ ਦਿੱਤੇ | ਸ. ਸੰਘਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮਗਨਰੇਗਾ ਸਕੀਮ ਅਧੀਨ ਜੰਗੀ ਪੱਧਰ ‘ਤੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਸਾਲ 2015-16 ਦੌਰਾਨ ਇਸ ਸਕੀਮ ਅਧੀਨ 30 ਕਰੋੜ 31 ਲੱਖ 17 ਹਜ਼ਾਰ ਰੁਪਏ ਖ਼ਰਚ ਕਰਕੇ 1371 ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਗ਼ਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਅਤੇ ਪੁਰਾਣੇ ਮਕਾਨਾਂ ਦੀ ਮੁਰੰਮਤ ਕਰਨ ਲਈ 8 ਕਰੋੜ 56 ਲੱਖ 6 ਹਜ਼ਾਰ 250 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਸਵੈ ਰੋਜ਼ਗਾਰ ਯੋਜਨਾ ਅਧੀਨ ਜ਼ਿਲ੍ਹੇ ਵਿੱਚ ਸਾਲ 2015-16 ਦੌਰਾਨ 236 ਡੇਅਰੀ ਯੂਨਿਟ ਸਥਾਪਤ ਕਰਵਾਏ ਗਏ ਹਨ | ਉਨ੍ਹਾਂ ਹੋਰ ਦੱਸਿਆ ਕਿ ਡੇਅਰੀ ਵਿਭਾਗ ਵੱਲੋਂ 16 ਮਾਡਲ ਕੈਟਲ ਸ਼ੈੱਡ ਸਥਾਪਤ ਕਰਵਾਏ ਗਏ ਅਤੇ 216 ਡੇਅਰੀ ਸਿਖਲਾਈ ਕੈਂਪ ਲਗਾਏ ਗਏ ਹਨ | ਇਸ ਤੋਂ ਇਲਾਵਾ ਮਹਿਲਾ ਸਸ਼ਕਤੀਕਰਨ ਸਕੀਮ ਅਧੀਨ 72 ਗਾਵਾਂ ਲਈ 18 ਲੱਖ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ | ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ. ਉਪਕਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਜੀਵ ਗਰਗ, ਐੱਸ.ਡੀ.ਐਮ ਫ਼ਤਹਿਗੜ੍ਹ ਸਾਹਿਬ ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਐੱਸ. ਡੀ. ਐਮ ਖਮਾਣੋਂ ਸ੍ਰੀਮਤੀ ਅਰੀਨਾ ਦੁੱਗਲ, ਐੱਸ. ਡੀ. ਐਮ ਅਮਲੋਹ ਸ੍ਰੀ ਅਰਵਿੰਦ ਕੁਮਾਰ ਗੁਪਤਾ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਕਿਰਨਜੀਤ ਸਿੰਘ ਟਿਵਾਣਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਅਮਰੀਕ ਸਿੰਘ ਸਿੱਧੂ, ਸਿਵਲ ਸਰਜਨ ਡਾ.ਹਰਿੰਦਰ ਕੌਰ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਸ੍ਰੀਮਤੀ ਰੁਪਿੰਦਰਪਾਲ ਕੌਰ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਚਰਨਜੋਤ ਸਿੰਘ ਵਾਲੀਆ, ਡੇਅਰੀ ਇੰਸਪੈਕਟਰ ਚਰਨਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |