ਪੈਨਸ਼ਨਰਾਂ ਨੇ ਮਾਰਚ ਕਰਕੇ ਸੂਬਾ ਸਰਕਾਰ ਪ੍ਰਤੀ ਜਤਾਇਆ ਰੋਸ

ਬਠਿੰਡਾ,- ਜ਼ਿਲ੍ਹੇ ਦੇ ਵੱਡੀ ਗਿਣਤੀ ਪੈਨਸ਼ਨਰਜ਼ ਨੇ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਇਕੱਠੇ ਹੋਣ ਉਪਰੰਤ ਡੀ. ਸੀ. ਦਫਤਰ ਤੱਕ ਪੈਦਲ ਮਾਰਚ ਕਰਕੇ ਸੂਬਾ ਸਰਕਾਰ ਪ੍ਰਤੀ ਰੋਸ ਜਤਾਇਆ | ਪੈਨਸ਼ਨਰਾਂ ਨੇ ‘ਪੰਜਾਬ ਸਰਕਾਰ ਮੁਰਦਾਬਾਦ’ ਅਤੇ ‘ਪੈਨਸ਼ਨਜ਼ ਦਾ ਕੱਠ, ਲੋਹੇ ਦੀ ਲੱਠ’ ਜਿਹੇ ਨਾਅਰੇ ਲਾਉਂਦੇ ਹੋਏ ਉਨ੍ਹਾਂ ਦੀਆਂ ਮੰਗਾਂ ਨੂੰ ਅੱਖੋ-ਪਰੋਖੇ ਕਰਨ ਦਾ ਸਰਕਾਰ ‘ਤੇ ਦੋਸ਼ ਲਾਇਆ | ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪੈਨਸ਼ਨਰਜ਼ ਐਸੋਸੀਏਸ਼ਨ, ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਪੀ. ਆਰ. ਟੀ. ਸੀ. ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਪੈਨਸ਼ਨਰਜ/ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਮੌੜ ਨੇ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਨੇ 2006 ਦੇ ਪੇ-ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਦੀ ਬਜਾਏ ਉਲਟਾ ਪੇ-ਕਮਿਸ਼ਨ ਦੁਆਰਾ ਦਿੱਤੀਆਂ ਸਹੂਲਤਾਂ ਅਤੇ ਭੱਤੇ ਖੋਹ ਲਏ ਹਨ | ਪੈਨਸ਼ਨਰਜ਼ ਲੰਬੇ ਸਮੇਂ ਤੋਂ ਪੈਨਸ਼ਨ ਲਾਭ ਅਤੇ ਪੈਨਸ਼ਨ ਦੀ ਉਡੀਕ ਕਰ ਰਹੇ ਹਨ, ਪਰ ਅਜੇ ਤੱਕ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ | ਪੈਨਸ਼ਨਰਾਂ ਨੇ ਮੰਗ ਕੀਤੀ ਕਿ ਪੈਨਸ਼ਨਰਜ਼ ਦਾ ਪਿਛਲੇ 23 ਮਹੀਨਿਆਂ ਦਾ ਡੀ. ਏ. ਬਕਾਇਆ, ਵਧੇ ਗਰੇਡ ਦਾ ਲਾਭ 1-1-2006 ਤੋਂ ਦੇਣ, ਕੈਸ-ਲੈਸ ਸਕੀਮ ਦੀਆਂ ਤਰੁੱਅੀਆਂ ਦੂਰ ਕਰਨ, ਜਨਵਰੀ ਤੋਂ 6 ਫੀਸਦੀ ਕਿਸ਼ਤ ਦੇਣ, ਪੇ-ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰਨ, ਬੇਸਿਕ ਪੇ ‘ਚ 50 ਪ੍ਰਤੀਸ਼ਤ ਡੀ. ਏ. ਈਮਰਜ ਕਰਨ, ਪੀ. ਆਰ. ਟੀ. ਸੀ. ਸਮੇਤ ਬਿਜਲੀ ਬੋਰਡਾਂ ਦੇ ਪੈਨਸ਼ਨਰਾਂ ਦੀ ਪੈਨਸ਼ਨ ਰੈਗੂਲਰ ਕਰਨ ਤੇ ਮਿਲਦੀਆਂ ਸਹੂਲਤਾਂ ਬਹਾਲ ਕਰਨ, ਪੁਲਿਸ ਪੈਨਸ਼ਨਰ ਲਈ ਪੰਜਾਬ ਪੁਲਿਸ ਵੈਲਫੇਅਰ ਬੋਰਡ ਸਥਾਪਿਤ ਕਰਨ, ਪੁਲਿਸ ਪੈਨਸ਼ਨਰ ਨੂੰ ਸਪੈਸ਼ਲ ਹੈਲਥ ਅਲਾਉਂਸ ਦੇਣ ਵਰਗੀਆਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ | ਇਸ ਮੌਕੇ ਸੁਰਜੀਤ ਸਿੰਘ ਟੀਨਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਗੁਰਬਚਨ ਜੱਸੀ ਪੀ. ਆਰ. ਟੀ. ਸੀ. ਪੈਨਸ਼ਨਜ਼ ਐਸੋਸੀਏਸ਼ਨ, ਨਰਕੇਵਲ ਸਿੰਘ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ, ਜੰਗੀਰ ਸਿੰਘ ਹੱਸੂ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਅਤੇ ਜਰਨੈਲ ਸਿੰਘ ਬਾਹੀਆ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਉਨ੍ਹਾਂ 5 ਮਈ ਨੂੰ ਜਲੰਧਰ ਵਿਖੇ ਹੋਣ ਵਾਲੇ ਸੂਬਾ ਪੱਧਰੀ ਧਰਨੇ ਵਿਚ ਸਮੂਹ ਪੈਨਸ਼ਨਰਜ਼ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ | ਇਸ ਦੌਰਾਨ ਲਖਵਿੰਦਰ ਸਿੰਘ ਗਿੱਲ ਤਹਿਸੀਲਦਾਰ ਬਠਿੰਡਾ ਮਿੰਨੀ ਸਕੱਤਰੇਤ ਕੋਲ ਰੋਸ ਪ੍ਰਗਟਾ ਰਹੇ ਪੈਨਸ਼ਨਰਾਂ ਕੋਲੋਂ ਪਹੰੁਚੇ, ਜਿਨ੍ਹਾਂ ਨੂੰ ਪੈਨਸ਼ਨਰਜ਼ ਨੇ ਆਪਣੇ 12 ਸੂਤਰੀ ਮੰਗ ਪੱਤਰ ਦੇ ਕੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਦੇ ਨਾਂਅ ਭੇਜਿਆ |