ਪ੍ਰਦੇਸ਼ ਕਾਂਗਰਸ ਵੱਲੋਂ ਜਾਰੀ ਕੀਤੀ ਜਾਵੇਗੀ ਅਹੁਦੇਦਾਰਾਂ ਦੀ ਦੂਜੀ ਸੂਚੀ-ਬਿੱਟੂ

ਲੁਧਿਆਣਾ, -ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਅਹੁਦੇਦਾਰਾਂ ਦੀ ਦੂਜੀ ਸੂਚੀ ਅਗਲੇ ਹਫ਼ਤੇ ਜਾਰੀ ਕੀਤੀ ਜਾਵੇਗੀ, ਜਿਸ ਵਿਚ ਪਹਿਲੀ ਸੂਚੀ ‘ਚ ਰਹਿ ਗਏ ਪਾਰਟੀ ਦੇ ਇਮਾਨਦਾਰ ਤੇ ਮਿਹਨਤੀ ਵਰਕਰਾਂ ਨੂੰ ਢੁੱਕਵੀਂ ਥਾਂ ਦਿੱਤੀ ਜਾਵੇਗਾ | ਉਨ੍ਹਾਂ ਮੰਨਿਆ ਕਿ ਪਹਿਲੀ ਸੂਚੀ ‘ਚ ਕੁਝ ਅਜਿਹੇ ਵਰਕਰਾਂ ਤੇ ਆਗੂਆਂ ਦਾ ਨਾਂਅ ਰਹਿ ਗਿਆ, ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਪਾਰਟੀ ਨੂੰ ਪੂਰੀ ਤਰ੍ਹਾਂ ਤੋਂ ਸਮਰਪਿਤ ਹਨ | ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਇਕ ਹੋਰ ਸੂਚੀ ਜਾਰੀ ਕਰਨ ਬਾਰੇ ਕਿਹਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਮੁੱਦੇ ਨੂੰ ਲੈ ਕੇ ਪਾਰਟੀ ‘ਚ ਕੋਈ ਗੁੱਟਬੰਦੀ ਨਹੀਂ ਹੈ | ਉਨ੍ਹਾਂ ਦੱਸਿਆ ਕਿ ਕੁਝ ਨਾਰਾਜ਼ ਕਾਂਗਰਸੀ ਵਰਕਰਾਂ ਨੂੰ ਜਲਦ ਹੀ ਮਨਾ ਲਿਆ ਜਾਵੇਗਾ | ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਗੋਗੀ, ਵਿਧਾਇਕ ਭਾਰਤ ਭੂਸ਼ਨ ਆਸ਼ੂ, ਸੁਰਿੰਦਰ ਡਾਬਰ, ਬਲਕਾਰ ਸੰਧੂ, ਗੁਰਦੇਵ ਸਿੰਘ ਲਾਪਰਾਂ, ਇੰਦਰ ਅਗਰਵਾਲ ਆਦਿ ਹਾਜ਼ਰ ਸਨ |