ਪੰਜਾਬੀ ‘ਵਰਸਿਟੀ ਵਿਖੇ ਕੌਮੀ ਸੇਵਾ ਯੋਜਨਾ ਸਲਾਹਕਾਰ ਕਮੇਟੀ ਦੀ ਸਾਲਾਨਾ ਇਕੱਤਰਤਾ ਹੋਈ

ਪਟਿਆਲਾ, -ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੌਮੀ ਸੇਵਾ ਯੋਜਨਾਂ (ਐਨ.ਐਸ.ਐਸ.) ਸਲਾਹਕਾਰ ਕਮੇਟੀ ਦੀ ਸਲਾਨਾ ਇਕੱਤਰਤਾ ਉਪਕੁਲਪਤੀ ਡਾ. ਜਸਪਾਲ ਸਿੰਘ ਦੀ ਪ੍ਰਧਾਨਗੀ ਵਿਚ ਹੋਈ | ਜਿਸ ਦੌਰਾਨ ਡਾ. ਜਸਪਾਲ ਸਿੰਘ ਨੇ ਕਿਹਾ ਕਿ ਐਨ.ਐਸ.ਐਸ. ਦਾ ਘੇਰਾ ਬਹੁਤ ਵਿਸ਼ਾਲ ਹੈ ਅਤੇ ਐਨ.ਐਸ.ਐਸ. ਵਲੰਟੀਅਰਾਂ ਨੂੰ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਦਾ ਆਮ ਵਿਦਿਆਰਥੀਆਂ ਨਾਲੋਂ ਵੱਧ ਮੌਕਾ ਮਿਲਦਾ ਹੈ ਜਿਸ ਦਾ ਉਨ੍ਹਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ | ਇਸ ਮੌਕੇ ਪਿਛਲੇ ਸਾਲ ਕੀਤੀਆਂ ਐਨ.ਐਸ.ਐਸ. ਗਤੀਵਿਧੀਆਂ ਅਤੇ ਸਪੈਸ਼ਲ ਕੈਂਪਾਂ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਅਗਲੇ ਵਿੱਤੀ ਸਾਲ 2016-17 ਦੀਆਂ ਐਨ.ਐਸ.ਐਸ. ਗਤੀਵਿਧੀਆਂ ਅਤੇ ਸਪੈਸ਼ਲ ਕੈਂਪਾਂ ਦੀ ਰੂਪ-ਰੇਖਾ ਵੀ ਤਿਆਰ ਕੀਤੀ ਗਈ | ਇਸ ਮੌਕੇ ਇੱਕ ਇੰਟਰ ਕਾਲਜ ਕੈਂਪ ਅਤੇ ਇੱਕ ਰਾਸ਼ਟਰੀ ਏਕਤਾ ਕੈਂਪ ਲਗਾਉਣ ਸਬੰਧੀ ਮੱਤਾ ਪਾਸ ਕੀਤਾ ਗਿਆ | ਮੀਟਿੰਗ ਦੌਰਾਨ ਵਲੰਟੀਅਰਜ਼ ਵੱਲੋਂ ਆਪਣੀ ਪੱਧਰ ‘ਤੇ ਤਿਆਰ ਕੀਤੀਆਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ, ਬਜ਼ੁਰਗ ਮਾਤਾ-ਪਿਤਾ ਦਾ ਸਤਿਕਾਰ ਕਰਨ ਅਤੇ ਬੁਢਾਪੇ ਵਿਚ ਉਨ੍ਹਾਂ ਦਾ ਸਹਾਰਾ ਬਣ ਸਕਣ ਸਬੰਧੀ ਪ੍ਰੇਰਿਤ ਕਰਦੀਆਂ ਡਾਕੂਮੈਂਟਰੀ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਗਿਆ | ਪ੍ਰੋਗਰਾਮ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਪਿਛਲੇ ਕਈ ਸਾਲਾਂ ਤੋਂ ਗਰਾਂਟ ਨਾ ਮਿਲਣ ਕਾਰਨ ਕਾਲਜਾਂ ਵਿਚ ਐਨ.ਐਸ.ਐਸ. ਗਤੀਵਿਧੀਆਂ ਵਿਚ ਖੜੋਤ ਆਉਣ ਸਬੰਧੀ ਅਤੇ ਐਨ.ਐਸ.ਐਸ. ਵਲੰਟੀਅਰਜ਼ ਨੂੰ ਸਰਟੀਫਿਕੇਟਾਂ ਦੀ ਗ੍ਰੇਡਿੰਗ ਵਿਚ ਆਉਣ ਵਾਲੀਆਂ ਦਿੱਕਤਾਂ ਸਬੰਧੀ ਚਰਚਾ ਕੀਤੀ ਗਈ | ਉਨ੍ਹਾਂ ਗਰਾਂਟ ਮੁਹੱਈਆ ਕਰਵਾਉਣ ਲਈ ਅਤੇ ਸਰਟੀਫਿਕੇਟਾਂ ਦੀ ਗ੍ਰੇਡਿੰਗ ਨੂੰ ਰਾਸ਼ਟਰੀ ਪੱਧਰ ਤੇ ਲਾਗੂ ਕਰਵਾਉਣ ਲਈ ਰਿਜਨਲ ਡਾਇਰੈਕਟਰ, ਐਨ.ਐਸ.ਐਸ., ਚੰਡੀਗੜ੍ਹ ਨੂੰ ਬੇਨਤੀ ਕੀਤੀ | ਇਸ ਮੌਕੇ ਡਾ. ਏ.ਐਸ. ਚਾਵਲਾ, ਬਲਜੀਤ ਸਿੰਘ ਸਿੱਧੂ, ਕੈਪਟਨ ਸੁਭਾਸ਼ ਚੰਦ, ਸ: ਚਰਨਜੀਤ ਸਿੰਘ ਅਤੇ ਯੂਨੀਵਰਸਿਟੀ ਨਾਲ ਸਬੰਧਿਤ ਵੱਖ-ਵੱਖ ਕਾਲਜਾਂ ਦੇ ਪਿ੍ੰਸੀਪਲ, ਪ੍ਰੋਗਰਾਮ ਅਫ਼ਸਰਾਂ, ਮੁਖੀ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਐਨ.ਐਸ.ਐਸ. ਵਲੰਟੀਅਰਾਂ ਨੇ ਭਾਗ ਲਿਆ | ਐਡੀਸ਼ਨਲ ਡੀਨ ਵਿਦਿਆਰਥੀ ਭਲਾਈ ਡਾ. ਅੰਮਿ੍ਤਪਾਲ ਕੌਰ ਨੇ ਬਾਹਰੋਂ ਆਏ ਕਮੇਟੀ ਮੈਂਬਰਾਂ ਅਤੇ ਹੋਰ ਵਿਦਵਾਨਾਂ ਦਾ ਧੰਨਵਾਦ ਕੀਤਾ |