ਪੰਜਾਬ ਦੇ ਇਨ੍ਹਾਂ ਸ਼ਹਿਰਾਂ ‘ਚ ਸ਼ੁਰੂ ਹੋਵੇਗੀ ਹਵਾਈ ਸੇਵਾ, ਜਾਣੋ ਕਿੰਨਾ ਹੋਵੇਗਾ ਕਿਰਾਇਆ

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਖੇਤਰੀ ਸੰਪਰਕ ਯੋਜਨਾ (ਆਰ. ਸੀ. ਐੱਸ.) ਤਹਿਤ ਪਹਿਲੇ ਦੌਰ ਲਈ ਪੰਜ ਏਅਰਲਾਈਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਨ੍ਹਾਂ ਏਅਰਲਾਈਨਾਂ ਨੂੰ 128 ਮਾਰਗ ਵੰਡੇ ਗਏ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਇਹ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਕੁੱਲ 128 ਮਾਰਗ ਪੰਜ ਜਹਾਜ਼ ਕੰਪਨੀਆਂ ਨੂੰ ਵੰਡੇ ਗਏ ਹਨ। ਇਹ ਜਹਾਜ਼ ਕੰਪਨੀਆਂ ਹਨ- ਏਅਰ ਇੰਡੀਆ ਦੀ ਸਹਿਯੋਗੀ ਏਅਰਲਾਈਨ ਐਲਾਇਡ ਸਰਵਿਸਿਜ਼, ਸਪਾਈਸ ਜੈੱਟ, ਏਅਰ ਡੈਕਨ, ਏਅਰ ਓਡੀਸ਼ਾ ਅਤੇ ਟਰਬੋ ਮੇਘਾ। ਇਹ ਕੰਪਨੀਆਂ ਇਨ੍ਹਾਂ ਮਾਰਗਾਂ ‘ਤੇ 19 ਤੋਂ 78 ਸੀਟਾਂ ਦੇ ਜਹਾਜ਼ਾਂ ਦੀਆਂ ਵਰਤੋਂ ਕਰਨਗੀਆਂ।
ਉਡਾਣ ਜ਼ਰੀਏ ਜਿਨ੍ਹਾਂ ਹਵਾਈ ਅੱਡਿਆਂ ਨੂੰ ਜੋੜਿਆ ਜਾਵੇਗਾ ਉਨ੍ਹਾਂ ‘ਚ ਬਠਿੰਡਾ, ਪੁਡੂਚੇਰੀ ਅਤੇ ਸ਼ਿਮਲਾ ਸ਼ਾਮਲ ਹਨ। ਮੰਤਰੀ ਨੇ ਕਿਹਾ ਕਿ ਇਸ ਸਕੀਮ ਤਹਿਤ ਪਹਿਲੀ ਉਡਾਣ ਅਪ੍ਰੈਲ ‘ਚ ਸ਼ੁਰੂ ਹੋਣ ਦੀ ਉਮੀਦ ਹੈ, ਜਦੋਂ ਕਿ ਜਹਾਜ਼ ਸੇਵਾ ਕੰਪਨੀਆਂ ਨੂੰ ਉਡਾਣ ਸ਼ੁਰੂ ਕਰਨ ਲਈ ਵਧ ਤੋਂ ਵਧ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇਸ ਨਾਲ ਮੌਜੂਦਾ ਨੈੱਟਵਰਕ ‘ਚ 31 ਨਵੇਂ ਹਵਾਈ ਅੱਡੇ ਜੁੜ ਸਕਣਗੇ, ਜਦੋਂ ਕਿ ਹਰ ਹਫਤੇ 7 ਤੋਂ ਘੱਟ ਉਡਾਣ ਵਾਲੇ 12 ਹਵਾਈ ਅੱਡਿਆਂ ‘ਤੇ ਆਵਾਜਾਈ ਵਧੇਗੀ।
ਸਰਕਾਰ ਵੱਲੋਂ ਚੁਣੇ ਗਏ ਨਵੇਂ ਮਾਰਗਾਂ ‘ਚ ਬਠਿੰਡਾ, ਲੁਧਿਆਣਾ, ਪਠਾਨਕੋਟ ਅਤੇ ਆਦਮਪੁਰ ਵੀ ਸ਼ਾਮਲ ਹਨ। ਇੱਥੇ ਹਵਾਈ ਸੇਵਾ ਜੂਨ ਜਾਂ ਅਗਸਤ ਤਕ ਸ਼ੁਰੂ ਹੋ ਸਕਦੀ ਹੈ। ਇਸ ਯੋਜਨਾ ‘ਚ ਇਕ ਘੰਟੇ ਦੀ ਉਡਾਣ ਲਈ ਵਧ ਤੋਂ ਵਧ ਕਿਰਾਇਆ 2,500 ਰੁਪਏ ਹੋਵੇਗਾ। ਇਸ ਨਾਲ ਆਮ ਲੋਕਾਂ ਲਈ ਜਹਾਜ਼ ਯਾਤਰਾ ਸਸਤੀ ਹੋ ਸਕੇਗੀ।