ਪੰਜਾਬ ਸਰਕਾਰ ਵਲੋਂ ਪਿੰਡਾਂ ਦੀਆਂ ਢਾਣੀਆਂ ਨੂੰ 24 ਘੰਟੇ ਦੀ ਬਿਜਲੀ ਸਪਲਾਈ ਨਾਲ ਜੋੜਿਆ ਜਾ ਰਿਹੈ : ਠੰਡਲ

ਹੁਸ਼ਿਆਰਪੁਰ (ਵਿਨੋਦ ਕੌਸ਼ਲ/ਤਰਸੇਮ ਦੀਵਾਨਾ/ਜੋਸ਼ੀ) ਕੈਬਨਿਟ ਮੰਤਰੀ ਸ੍ਰ. ਸੋਹਣ ਸਿੰਘ ਠੰਡਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਅਤੇ ਬੀ.ਪੀ.ਐਲ ਪਰਿਵਾਰਾਂ ਲਈ ਮੁਫਤ ਬਿਜਲੀ ਦੇਣ ਤੋਂ ਬਾਅਦ ਹੁਣ ਪਿੰਡਾਂ ਦੀਆਂ ਢਾਣੀਆਂ ਨੂੰ 24 ਘੰਟੇ ਬਿਜਲੀ ਸਪਲਾਈ ਨਾਲ ਜੋੜਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸਰਕਾਰ ਦੀ ਇਸ ਪਹਿਲਕਦਮੀ ਨਾਲ ਹੁਣ ਢਾਣੀਆਂ ਨੂੰ ਬਿਜਲੀ ਨਾਲ ਸਬੰਧਿਤ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨਾਂ ਦੱਸਿਆ ਕਿ ਪਿੰਡਾਂ ਤੋਂ ਬਾਹਰੋਂ-ਬਾਹਰ ਸਥਿਤ ਢਾਣੀਆਂ ਨੂੰ ਜਲਦੀ ਹੀ 24 ਘੰਟੇ ਬਿਜਲੀ ਦੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ। ਉਨਾਂ ਦੱਸਿਆ ਕਿ ਜਿਹੜੀਆਂ ਢਾਣੀਆਂ ਨੇ ਬਿਜਲੀ ਲਈ ਕੁਨੈਕਸ਼ਨ ਅਪਲਾਈ ਨਹੀਂ ਕੀਤਾ ਹੈ, ਉਹ ਬਿਜਲੀ ਵਿਭਾਗ ਨਾਲ ਸੰਪਰਕ ਕਰਕੇ ਕੁਨੈਕਸ਼ਨ ਅਪਲਾਈ ਕਰ ਸਕਦੇ ਹਨ, ਤਾਂ ਜੋ ਉਹ ਸਰਕਾਰ ਵਲੋਂ ਦਿੱਤੀ ਜਾ ਰਹੀ ਸਹੂਲਤ ਦਾ ਫਾਇਦਾ ਉਠਾ ਸਕਣ।
ਸ੍ਰ: ਠੰਡਲ ਨੇ ਦੱਸਿਆ ਕਿ ਬਿਜਲੀ ਵਿਭਾਗ ਵਲੋਂ ਜਿਹੜੀਆਂ ਕਰੀਬ 250 ਢਾਣੀਆਂ ਦੀ ਸ਼ਨਾਖਤ ਕੀਤੀ ਗਈ ਹੈ, ਉਨਾਂ ਵਿੱਚ ਚੱਬੇਵਾਲ ਹਲਕੇ ਵਿੱਚ 39 ਢਾਣੀਆਂ, ਸ਼ਾਮਚੁਰਾਸੀ ਹਲਕੇ ਵਿੱਚ 55, ਹੁਸ਼ਿਆਰਪੁਰ ਵਿੱਚ 1, ਉੜਮੁੜ ਹਲਕੇ ਵਿੱਚ 55, ਦਸੂਹਾ ਵਿੱਚ 22, ਮੁਕੇਰੀਆਂ ਵਿੱਚ 24 ਅਤੇ ਗੜ•ਸ਼ੰਕਰ-ਹੁਸ਼ਿਆਰਪੁਰ ਹਲਕੇ ਵਿੱਚ 51 ਢਾਣੀਆਂ ਨੂੰ 24 ਘੰਟੇ ਬਿਜਲੀ ਸਪਲਾਈ ਨਾਲ ਜੋੜਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਨਾਂ ਵਿਚੋਂ ਕਈ ਢਾਣੀਆਂ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਬਾਕੀ ਰਹਿੰਦੀਆਂ ਢਾਣੀਆਂ ਦਾ ਕੰਮ ਜਲਦੀ ਮੁਕੰਮਲ ਕਰਨ ਲਈ ਬਿਜਲੀ ਵਿਭਾਗ ਨੂੰ ਹਦਾਇਤ ਕਰ ਦਿੱਤੀ ਗਈ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੀਆਂ ਢਾਣੀਆਂ ਦੀ 24 ਘੰਟੇ ਬਿਜਲੀ ਲਈ ਕਰੋੜਾਂ ਰੁਪਏ ਜਾਰੀ ਕਰ ਦਿੱਤੇ ਗਏ ਹਨ।
ਜੇਲਾਂ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ, ਪੰਜਾਬ ਸ੍ਰ. ਠੰਡਲ ਨੇ ਦੱਸਿਆ ਕਿ ਸਾਲ 2007 ਵਿਚ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਸੇਵਾ ਦਾ ਮੁੜ ਮੌਕਾ ਦਿੱਤਾ ਤਾਂ ਸਰਕਾਰ ਨੇ ਸਭ ਤੋਂ ਪਹਿਲਾਂ ਖੇਤੀ ਟਿਊਬਵੈਲਾਂ ਦੇ ਬਿੱਲ ਮੁਆਫ ਕਰਨ ਦਾ ਫੈਸਲਾ ਦੁਬਾਰਾ ਲਾਗੂ ਕਰ ਦਿੱਤਾ।