ਬਹੁਤ ਹੀ ਫਾਇਦੇਮੰਦ ਹੈ ਮੇਥੀ

2016_5image_13_27_009874636methi-ll

ਮੇਥੀ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਜਿਵੇਂ ਤਾਜ਼ੇ ਅਤੇ ਸੁੱਕੇ ਪੱਤੇ ਦੀ ਵਰਤੋਂ ਅਤੇ ਬੀਜ ਦੇ ਰੂਪ ‘ਚ ਆਦਿ। ਮੇਥੀ ਖ਼ੁਸ਼ਬੂਦਾਰ ਮਸਾਲੇ ਦੇ ਨਾਲ-ਨਾਲ ਦਵਾਈ ਦਾ ਕੰਮ ਵੀ ਕਰਦੀ ਹੈ। ਪੁਰਾਤਨ ਸਮੇਂ ਤੋਂ ਇਸ ਦੀ ਵਰਤੋਂ ਭੋਜਨ ‘ਚ ਉਚੇਚੇ ਤੌਰ ‘ਤੇ ਕੀਤੀ ਜਾਂਦੀ ਰਹੀ ਹੈ।
ਮੇਥੀ ਨੂੰ ਸੰਸਕ੍ਰਿਤ ‘ਚ ਮੈਥਿਕਾ, ਅੰਗਰੇਜ਼ੀ ‘ਚ ਫੈਨੂਗ੍ਰੀਕ, ਬਨਸਪਤੀ ਵਿਗਿਆਨ ‘ਚ ਟ੍ਰਾਇਗੁਨੈਲਾ ਫੋਨਮ-ਗ੍ਰੇਸ਼ੀਅਮ ਆਖਿਆ ਜਾਂਦਾ ਹੈ। ਮੇਥੀ ਸੁਆਦ ‘ਚ ਕੌੜੀ, ਖਾਣ ‘ਚ ਹਲਕੀ ਅਤੇ ਸਰੀਰ ਉੱਤੇ ਗਰਮ ਅਸਰ ਕਰਦੀ ਹੈ। ਮੇਥੀ ਦੇ ਪੱਤਿਆਂ ‘ਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਵਿਟਾਮਿਨ, ਖਣਿਜ ਤੱਤ ਅਤੇ ਹੋਰ ਬਹੁਤ ਸਾਰੇ ਅਲਕਾਲਈਡਜ਼ ਆਦਿ ਖ਼ੁਰਾਕੀ ਤੱਤ ਮਿਲਦੇ ਹਨ। ਇਸ ਦੇ ਬੀਜਾਂ ‘ਚੋਂ ਤੇਲ ਵੀ ਕੱਢਿਆ ਜਾਂਦਾ ਹੈ।
ਮੇਥੀ ‘ਚ ਦਵਾਈ ਵਾਲੇ ਗੁਣਾਂ ਨਾਲ ਭਰਪੂਰ ਹੈ। ਇਸ ਦੇ ਹਰੇ ਪੱਤੇ ਪਾਚਣ ਸ਼ਕਤੀ ਅਤੇ ਭੁੱਖ ਵਧਾਉਣ, ਪੇਟ ਦੇ ਭਾਰੇਪਨ ਨੂੰ ਠੀਕ ਕਰਨ, ਸੁਆਦ ਵਧਾਉਣ ਅਤੇ ਦਰਦ ਤੋਂ ਰਾਹਤ ਦਿਵਾਉਣ ਵਾਲੇ ਗੁਣ ਰੱਖਦੀ ਹੈ। ਮੇਥੀ ਦੇ ਬੀਜਾਂ ਨੂੰ ਜੇ ਜ਼ਿਆਦਾ ਮਾਤਰਾ ‘ਚ ਖਾਦਾ ਜਾਵੇ ਤਾਂ ਇਸ ਦਾ ਸਰੀਰ ਉੱਤੇ ਗਰਮ ਪ੍ਰਭਾਵ ਪੈਂਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਮਾਂ ਨੂੰ ਮੇਥੀ ਦੇ ਬੀਜ ਖਾਣ ਲਈ ਦਿੱਤੇ ਜਾਂਦੇ ਹਨ। ਇਸ ਨਾਲ ਉਸ ਨੂੰ ਸਰੀਰਕ ਦਰਦ ਤੋਂ ਆਰਾਮ ਮਿਲਦਾ ਹੈ।
ਮੇਥੀ ਪਾਚਣ ਕਿਰਿਆ ਦੀ ਸਮੱਸਿਆ, ਪੇਟ ਦਾ ਫੁੱਲਣਾ ਅਤੇ ਚੱਕਰ ਆ ਕੇ ਉਲਟੀਆਂ ਆਉਣ ਦੇ ਮਾਮਲੇ ‘ਚ ਕਾਫ਼ੀ ਅਸਰਦਾਇਕ ਹੈ। ਇਸ ਦੇ ਬੀਜ ਹੱਡੀਆਂ ਦੀਆਂ ਬੀਮਾਰੀਆਂ, ਲੱਕ ਦੀ ਦਰਦ, ਮਾਸਪੇਸ਼ੀਆਂ ਦੀ ਦਰਦ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ।
ਪੇਟ ਦੀ ਖ਼ਰਾਬੀ ਲਈ ਅਸਰਦਾਇਕ—ਘਰੇਲੂ ਨੁਸਖੇ ਦੇ ਤੌਰ ‘ਤੇ ਮੇਥੀ ਦੇ ਬੀਜ ਪੇਟ ਦੀਆਂ ਬੀਮਾਰੀਆਂ ਲਈ ਵਰਤੇ ਜਾਂਦੇ ਹਨ ਜਿਵੇਂ ਲੀਵਰ ਦੀਆਂ ਬੀਮਾਰੀਆਂ ਜਾਂ ਗੈਸ ਕਾਰਨ ਪੇਟ ਦਾ ਫੁੱਲਣਾ ਆਦਿ।
ਕਮਰ ਦਰਦ ਅਤੇ ਨਾੜੀ ਦਰਦ—ਆਯੁਰਵੈਦਿਕ ਡਾਕਟਰ ਕਮਰ ਦਰਦ, ਨਾੜੀ ਤੰਤਰ ਅਤੇ ਹੱਡੀਆਂ ਦੀਆਂ ਬੀਮਾਰੀਆਂ ਲਈ ਮੇਥੀ ਦੇ ਬੀਜ ਲੈਣ ਦੀ ਸਲਾਹ ਦਿੰਦੇ ਹਨ। ਇਨ੍ਹਾਂ ਬੀਮਾਰੀਆਂ ਲਈ ਇਕ ਗ੍ਰਾਮ ਮੇਥੀ ਦੇ ਬੀਜਾਂ ਦਾ ਪਾਊਡਰ, ਸੁੰਢ ਅਤੇ ਗੁੜ ਕੋਸੇ ਪਾਣੀ ਨਾਲ ਦਿਨ ‘ਚ ਦੋ ਜਾਂ ਤਿੰਨ ਵਾਰ ਦਿੰਦੇ ਹਨ।
ਜਣੇਪਾ—ਬੱਚੇ ਦੇ ਜਨਮ ਲੈਣ ਤੋਂ ਬਾਅਦ 200 ਗ੍ਰਾਮ ਮੇਥੀ ਬੀਜ ਤੇ ਇਕ ਕਿਲੋ ਦੇਸੀ ਘਿਉ ‘ਚ ਤਲ ਕੇ ਇਕ ਕਿਲੋ ਆਟੇ ਨਾਲ ਭੁੰਨ ਕੇ ਇਸ ਨੂੰ ਦੁੱਧ ਨਾਲ ਦੇਣ ਨਾਲ ਮਾਂਵਾਂ ਬਹੁਤ ਜਲਦੀ ਆਮ ਹਾਲਤ ‘ਚ ਆ ਜਾਂਦੀਆਂ ਹਨ। ਇਸ ਨਾਲ ਮਾਂ ਦਾ ਦੁੱਧ ਵੀ ਚੰਗੀ ਮਾਤਰਾ ‘ਚ ਬਣਦਾ ਹੈ।
ਸ਼ੂਗਰ— ਸ਼ੂਗਰ ਦੇ ਮਰੀਜ਼ ਵੀ ਇਕ ਚਾਹ ਪੱਤੀ ਵਾਲਾ ਚਮਚ ਮੇਥੀ ਬੀਜ ਸਵੇਰੇ ਦਿਨ ‘ਚ ਇਕ ਵਾਰੀ ਲੈ ਸਕਦੇ ਹਨ। ਇਸ ਦੇ ਵਰਤੋਂ ਨਾਲ ਕੋਲੈਸਟ੍ਰੋਲ ਪੱਧਰ ਘਟ ਜਾਂਦਾ ਹੈ।
ਸਾਵਧਾਨੀ—ਭਾਰਤੀ ਘਰਾਂ ਵਿੱਚ ਮੇਥੀ ਦੀ ਕਈ ਢੰਗਾਂ ਨਾਲ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਪੱਤਿਆਂ ਦੀ ਸਬਜ਼ੀ ਬਣਾ ਕੇ ਖਾਧੀ ਜਾਂਦੀ ਹੈ ਤੇ ਬੀਜਾਂ ਦਾ ਦਵਾਈ ਦੇ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ। ਮੇਥੀ ਦਾਣਾ ਕਿਉਂਕਿ ਗਰਮ ਤਾਸੀਰ ਵਾਲਾ ਹੁੰਦਾ ਹੈ ਇਸ ਲਈ ਹਾਈ ਬਲੱਡ ਪ੍ਰੈਸ਼ਰ ਅਤੇ ਹੈਮੋਰਾਇਜ਼ਸ ਦੇ ਮਰੀਜ਼ਾਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ