ਬਾਦਲਾਂ ਦੀ ਮਲਕੀਅਤ ਵਾਲੀ ਓਰਬਿਟ ਬੱਸ ਦਾ ਇਕ ਹੋਰ ਕਾਂਡ ਆਇਆ ਸਾਹਮਣੇ

default (2)

ਰੂਪਨਗਰ : ਓਰਬਿਟ ਬੱਸ ਦੇ ਡਰਾਇਵਰ ਦੀ ਲਾਪ੍ਰਵਾਹੀ ਅਤੇ ਤੇਜ਼ ਰਫਤਾਰ ਕਾਰਨ ਰੂਪਨਗਰ ਬਾਈਪਾਸ ਦੇ ਨੇੜੇ ਇਕ ਸੜਕ ਦੁਰਘਟਨਾ ਵਾਪਰ ਗਈ, ਜਿਸ ‘ਚ ਦੋ ਸੈਨਿਕ ਗੰਭੀਰ ਜ਼ਖਮੀ ਹੋ ਗਏ, ਜਦਕਿ 4 ਹੋਰ ਲੋਕਾਂ ਦੇ ਮਾਮੂਲੀ ਸੱਟਾਂ ਲੱਗੀਆਂ। ਸ਼ਨੀਵਾਰ ਸ਼ਾਮ ਬਾਦਲ ਪਰਿਵਾਰ ਦੀ ਮਲਕੀਅਤ ਵਾਲੀ ਓਰਬਿਟ ਬੱਸ ਨੰ. ਪੀਬੀ 3ਏਅਐਫ-2828 ਜੋ ਸਵਾਰੀਆਂ ਲੈ ਕੇ ਚੰਡੀਗੜ੍ਹ ਤੋਂ ਪਠਾਨਕੋਟ ਜਾ ਰਹੀ ਸੀ, ਰੂਪਨਗਰ ਦੇ ਬਾਈਪਾਸ ਦੇ ਨੇੜੇ ਟ੍ਰੈਫਿਕ ਲਾਈਟਾਂ ਨੂੰ ਕ੍ਰਾਸ ਕਰਕੇ ਇਕ ਟਰੱਕ ਨੰ. ਐਚ ਪੀ.-24ਡੀ-1471 ਨਾਲ ਜਾ ਟਕਰਾਈ। ਜਿਸ ਕਾਰਨ ਬੱਸ ‘ਚ ਬੈਠੇ ਦੋ ਸੈਨਿਕ ਜੋ ਪਠਾਨਕੋਟ ਜਾ ਰਹੇ ਸਨ, ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਮੌਕੇ ‘ਤੇ ਮੌਜੂਦ ਭਗਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਪਿੰਡ ਭਿਓਰਾ, ਬਲਜੀਤ ਸਿੰਘ ਅਤੇ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਇਹ ਬੱਸ ਚੰਡੀਗੜ੍ਹ ਵਲੋਂ ਤੇਜ਼ ਰਫਤਾਰ ਨਾਲ ਆ ਰਹੀ ਸੀ ਜਿਸਨੇ ਲਾਲ ਬੱਤੀ ਦੀ ਪਰਵਾਹ ਕੀਤੇ ਬਿਨਾਂ ਦੂਜੇ ਪਾਸੇ ਤੋਂ ਆ ਰਹੇ ਟਰੱਕ ਨੂੰ ਟੱਕਰ ਮਾਰ ਦਿੱਤੀ ਅਤੇ ਕਾਫੀ ਦੂਰ ਜਾ ਕੇ ਸਵਾਰੀਆਂ ਦੇ ਕਹਿਣ ਤੇ ਬੱਸ ਨੂੰ ਰੋਕਿਆ ਗਿਆ। ਪੁਲਸ ਬੱਸ ਅਤੇ ਟਰੱਕ ਨੂੰ ਥਾਣਾ ਸਦਰ ‘ਚ ਜਾਂਚ ਲਈ ਲੈ ਗਈ। ਖਬਰ ਲਿਖੇ ਜਾਣ ਤੱਕ ਬੱਸ ਅਤੇ ਟਰੱਕ ਸਦਰ ਥਾਣੇ ‘ਚ ਰੱਖੇ ਗਏ ਅਤੇ ਹਾਲੇ ਤੱਕ ਪੁਲਸ ਨੇ ਇਸ ਸਬੰਧ ‘ਚ ਕੋਈ ਕਾਰਵਾਈ ਨਹੀਂ ਕੀਤੀ। ਜ਼ਖਮੀਆਂ ਦੀ ਪਛਾਣ ਅਰੁਣ ਚੰਦ ਯਾਦਵ ਅਤੇ ਐਸ. ਕੇ. ਤਿਵਾੜੀ ਦੇ ਰੂਪ ‘ਚ ਕੀਤੀ ਗਈ।