ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਸ਼ੂਗਰ ਮਿੱਲ ਦਾ ਘਿਰਾਓ 7 ਨੂੰ

ਨਵਾਂਸ਼ਹਿਰ,- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਸਰਪ੍ਰਸਤ ਮਾਨ ਸਿੰਘ ਨੀਲੋਵਾਲ ਅਤੇ ਬਲਾਕ ਪ੍ਰਧਾਨ ਨਵਾਂਸ਼ਹਿਰ ਪਰਮਜੀਤ ਸਿੰਘ ਘਟਾਰੋਂ ਦੀ ਅਗਵਾਈ ‘ਚ ਨਵਾਂਸ਼ਹਿਰ ਵਿਖੇ ਹੋਈ | ਮੀਟਿੰਗ ਵਿਚ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ‘ਚ ਸ. ਨੀਲੋਵਾਲ ਅਤੇ ਘਟਾਰੋਂ ਨੇ ਦੱਸਿਆ ਕਿ ਸ਼ੂਗਰ ਮਿੱਲ ਨਵਾਂਸ਼ਹਿਰ ਵੱਲੋਂ ਕਿਸਾਨਾਂ ਦੀ ਕਰੀਬ 27 ਕਰੋੜ ਦੀ ਗੰਨੇ ਦੀ ਅਦਾਇਗੀ ਜਾਰੀ ਨਹੀਂ ਕੀਤੀ ਗਈ | ਜਿਸ ਨੂੰ ਲੈ ਕੇ ਕਿਸਾਨਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮਿੱਲ ਅਧਿਕਾਰੀਆਂ ਵੱਲੋਂ 26 ਮਾਰਚ ਤੱਕ ਕਿਸਾਨਾਂ ਨੰੂ ਗੰਨੇ ਦੀ ਅਦਾਇਗੀ ਕੀਤੀ ਹੈ ਪਰ ਹਾਲੇ ਤੱਕ ਬਾਕੀ ਰਹਿੰਦੀ ਅਦਾਇਗੀ ਜਾਰੀ ਨਹੀਂ ਕੀਤੀ ਗਈ | ਇਸ ਮਾਮਲੇ ਨੂੰ ਲੈ ਕੇ ਮਿੱਲ ਅਧਿਕਾਰੀਆਂ ਨਾਲ ਕੀਤੀਆਂ ਮੀਟਿੰਗਾਂ ਵੀ ਬੇਸਿੱਟਾ ਰਹੀਆਂ | ਜਿਸ ਦੇ ਵਿਰੋਧ ਵਿਚ ਜ਼ਿਲੇ੍ਹ ਭਰ ਦੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਗਵਾਈ ‘ਚ ਸ਼ੂਗਰ ਮਿੱਲ ਦਾ 7 ਜੂਨ ਨੂੰ ਘਿਰਾਓ ਕਰਨਗੇ | ਉਨ੍ਹਾਂ ਦੱਸਿਆ ਕਿ ਇਹ ਧਰਨਾ ਸਵੇਰ 9 ਤੋਂ 12 ਵਜੇ ਤੱਕ ਲਗਾਇਆ ਜਾਵੇਗਾ | ਜ਼ਿਲੇ੍ਹ ਭਰ ਦੇ ਕਿਸਾਨਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ | ਇਸ ਮੌਕੇ ਤੇ ਮੇਜਰ ਸਿੰਘ ਪੱਲੀਆਂ, ਸੁਰਿੰਦਰਪਾਲ ਸਿੰਘ ਮੂਸਾਪੁਰ, ਗੁਰਜਿੰਦਰ ਸਿੰਘ ਠੇਕੇਦਾਰ, ਮਨਜੀਤ ਸਿੰਘ ਸਹਾਬਪੁਰ, ਰਾਵਲ ਸਿੰਘ, ਮਜਾਰਾ ਆਦਿ ਹਾਜ਼ਰ ਸਨ |