ਮਾਤਾ ਸਰਸਵਤੀ ਦੇ ਵਰਦਾਨ ਨਾਲ ਸੁਰ-ਤਾਲ ਦੀ ਗਜਬ ਦੀ ਸਮਝ ਰੱਖਣ ਵਾਲਾ ਅਜ਼ਮੇਰ ਦੀਵਾਨਾ

_20170217_164043

ਮੁਗਲ ਬਾਦਸ਼ਾਹ ਅਕਬਰ ਕਲਾ ਦਾ ਪਾਰਖੂ ਅਤੇ ਵੱਡਾ ਕਦਰਦਾਨ ਸੀ ਆਪਣੇ ਦਰਬਾਰ ਵਿੱਚ ਬਕਾਇਦਾ ਉੱਚ ਕੋਟੀ ਦੇ ਕਲਾਕਾਰਾਂ, ਲਿਖਾਰੀਆਂ ਦੀ ਨਾ ਸਿਰਫ ਵੱਡੀ ਫੌਜ ਰੱਖਦਾ ਸੀ ਬਲਕਿ ਸੰਗੀਤ ਅਤੇ ਗਾਇਨ ਕਲਾ ਦਾ ਗਿਆਨ ਰੱਖਣ ਵਾਲੇ ਮਹਾਨ ਸੰਗੀਤਕਾਰ ਤਾਨਸੇਨ ਨੂੰ ਸੰਗੀਤ ਸਮਰਾਟ ਦੀ ਉਪਾਧੀ ਨਿਵਾਜੀ ਹੋਈ ਸੀ। ਅਜਿਹੇ ਚਮਤਕਾਰੀ ਗੁਣਾਂ ਦੇ ਧਾਰਨੀ ਸੰਗੀਤ ਸਮਰਾਟ ਨੂੰ ਇੱਕ ਮੁਕਾਬਲੇ ਵਿੱਚ ਬੈਜੂ ਬਾਵਰਾ ਵਰਗੇ ਮਹਾਨ ਕਲਾਕਾਰਾਂ ਨੇ ਹਾਰ ਦੇ ਦਿੱਤੀ ਸੀ। ਇਹੋ ਬੈਜੂ ਬਾਵਰਾ ਅਜੋਕੇ ਹੁਸ਼ਿਆਰਪੁਰ ਜਿਲੇ ਦੇ ਬਿਲਕੁਲ ਨਾਲ ਲੱਗਦੇ ਇਤਿਹਾਸਿਕ ਮਹੱਤਤਾ ਵਾਲੇ ਪਿੰਡ ਬਜਵਾੜਾ ਦਾ ਵਸਨੀਕ ਸੀ। ਸਗੋਂ ਇਸੇ ਮਹਾਨ ਕਲਾਕਾਰ ਦੇ ਨਾਂ ਤੇ ਹੀ ਇਹ ਪਿੰਡ ਬਜਵਾੜਾ ਵਸਿਆ ਦੱਸਿਆ ਜਾਂਦਾ ਹੈ। ਇਹੋ ਕਾਰਣ ਹੈ ਕਿ ਹੁਸ਼ਿਆਰਪੁਰ ਦੀ ਧਰਤੀ ਨੂੰ ਸੂਫੀ ਸੰਤਾਂ, ਪੀਰਾਂ, ਫਕੀਰਾਂ, ਕਲਾਕਾਰਾਂ ਅਤੇ ਸਾਹਿਤਕਾਰਾਂ ਦੀ ਧਰਤੀ ਵਜੋਂ ਜਾਇਆ ਜਾਂਦਾ ਹੈ। ਇਸ ਜਿਲਾ ਹੁਸ਼ਿਆਰਪੁਰ ਨੇ ਬੜੇ ਕਲਾਕਾਰ ਅਤੇ ਲਿਖਾਰੀ ਮਾਂ ਬੋਲੀ ਦੀ ਝੋਲੀ ਪਾਏ ਜਿਹਨਾਂ ਵਿੱਚ ਢਾਡੀ ਅਮਰ ਸਿੰਘ ਸ਼ੌਂਕੀ, ਢਾਡੀ ਚਰਨ ਸਿੰਘ ਸਫਰੀ, ਮਨਮੋਹਨ ਵਾਰਿਸ, ਦੇਬੀ ਮਕਸੂਸਪੁਰੀ, ਸ਼ੰਕਰ ਸ਼ਾਹਨੀ, ਤਰਸੇਮ ਦੀਵਾਨਾ, ‘ਤੂੰ ਮੰਨ ਜਾਂ ਨਾ ਮੰਨ ਦਿਲਦਾਰਾ, ਅਸਾਂ ਤੇ ਤੈਨੀਂ ਰੱਬ ਮੰਨਿਆ’ ਵਰਗੇ ਗੀਤਾਂ ਦੇ ਸੂਫੀ ਸ਼ਾਇਰ ਆਰ.ਪੀ. ਦੀਵਾਨਾ ਤੇ ਕਈ ਹੋਰ ਹਜਾਰਾਂ ਕਲਾਕਾਰ ਤੇ ਲਿਖਾਰੀ ਸੰਗੀਤ ਦੇ ਅੰਬਰਾਂ ਉੱਪਰ ਲਿਸ਼ਕ ਰਹੇ ਹਨ। ਨਵੀਂ ਪੀਹੜੀ ਵਿੱਚ ਵੀ ਇਹ ਕਲਾ ਬਕਾਇਦਾ ਮੌਲ ਰਹੀ ਹੈ। ਜਿਹਨਾਂ ਵਿੱਚ 17 ਸਾਲ ਦੀ ਉਮਰ ਵਿੱਚ ਸੰਗੀਤ ਦੇ ਧਨੰਤਰਾਂ ਅਤੇ ਉਸਤਾਦਾਂ ਪਾਸੋਂ ਆਪਣੀ ਗਿਆਨ ਗੁਥਲੀ ਵਿੱਚ ਮੋਤੀ ਸਾਂਭ ਰਹੇ ਅਜ਼ਮੇਰ ਦੀਵਾਨਾ ਦਾ ਨਾਂ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਸੂਫੀਆਨਾ ਗਾਇਕੀ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟ ਰਹੇ ਸੂਫੀ ਗਾਇਕ ਤਰਸੇਮ ਦੀਵਾਨਾ ਅਤੇ ਗੀਤਾ ਰਾਣੀ (ਬੱਧਣ) ਦਾ ਚਸ਼ਮੇ ਚਿਰਾਗ ਅਜਮੇਰ ਦੀਵਾਨਾ ਬਚਪਨ ਤੋਂ ਹੀ ਸੰਗੀਤ ਅਤੇ ਗਾਇਨ ਕਲਾ ਪ੍ਰਤੀ ਚਿਣਗ ਦੇਖ ਕੇ ਇਸ ਨੂੰ ਪੂਰੀ ਤਰਾਂ ਮਘਾਉਣ ਦਾ ਜਿੰਮਾ ਪਿਤਾ ਤਰਸੇਮ ਦੀਵਾਨਾ ਨੇ ਆਪਣੇ ਸਿਰ ਲੈ ਲਿਆ ਹੈ ਅਤੇ ਇਲਾਕੇ ਦੇ ਨਾਮਵਾਰ ਸੰਗੀਤ ਦੇ ਉਸਤਾਦਾਂ ਦੇ ਚਰਨੀ ਲਾ ਦਿੱਤਾ। ਸਿੱਟੇ ਵਜੋਂ ਜਦੋਂ ਅਜ਼ਮੇਰ ਦੀਵਾਨਾ ਕੀ-ਬੋਰਡ, ਐਕਟੋਪੈਡ, ਢੋਲ, ਢੋਲਕੀ, ਡਰੰਮ ਸੈਟ ਆਦਿ ਸਾਜਾਂ ਨਾਲ ਭੰਗੜੇ ਅਤੇ ਗਾਇਨ ਕਲਾ ਦੀ ਪੇਸ਼ਕਾਰੀ ਦਿੰਦਾ ਹੈ ਤਾਂ ਸਰੋਤੇ ਅਸ਼-ਅਸ਼ ਕਰ ਉੱਠਦੇ ਹਨ। ਮਾਤਾ ਸਰਸਵਤੀ ਦੇ ਵਰਦਾਨ ਨਾਲ ਸੁਰ-ਤਾਲ ਦੀ ਗਜਬ ਦੀ ਸਮਝ ਰੱਖਣ ਵਾਲਾ ਅਜ਼ਮੇਰ ਦੀਵਾਨਾ ਪੜਾਈ ਵਿੱਚ ਵੀ ਪੂਰੇ ਨੰਬਰ ਲੈ ਕੇ ਪਾਸ ਹੁੰਦਾ ਹੈ ਜਿਸ ਸਦਕਾ ਆਪਣੇ ਵਿਦਿਆਰਥੀ ਸਾਥੀਆਂ ਅਤੇ ਅਧਿਆਪਕਾਂ ਦੀਆਂ ਅੱਖਾਂ ਦਾ ਤਰਾ ਬਣ ਚੁੱਕਿਆ ਹੈ। ਉਸ ਦੀ ਹਰਮਨ ਪਿਆਰਤਾ ਦਾ ਅੰਦਾਜਾ ਘਰ ਵਿੱਚ ਸਜਾਏ ਹੋਏ ਮਾਨ-ਸਨਮਾਨ ਤੋ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜੋ ਇਲਾਕੇ ਦੀਆਂ ਨਾਮਵਾਰ ਸੰਸਥਾਵਾਂ ਅਤੇ ਸ਼ਕਸੀਅਤਾਂ ਵੱਲੋਂ ਕੀਤੇ ਗਏ ਹਨ। ਉਸਤਾਦ ਗੁਰਦਾਸ ਮਾਨ ਦੇ ਗੀਤਾਂ ਤੇ ਅੰਦਾਜ ਦੇ ਆਸ਼ਕ ਅਜ਼ਮੇਰ ਦੀਵਾਨਾ ਨੂੰ ਖੁਦ ਗੁਰਦਾਸ ਮਾਨ ਰੋਸ਼ਨ ਗਰਾਉਂਡ ਹੁਸ਼ਿਆਰਪੁਰ ਵਿਖੇ ਹੋਏ ਆਪਣੇ ਇੱਕ ਪ੍ਰੋਗਰਾਮ ਦੌਰਾਨ ਆਪਣੀ ਬੁੱਕਲ ਦਾ ਨਿੱਘ ਦੇ ਚੁੱਕੇ ਹਨ ਅਤੇ ਖੁਦ ਵੀ ਅਜ਼ਮੇਰ ਦੀਵਾਨਾ ਉਹਨਾਂ ਵਰਗੀ ਹੀ ਗਾਇਕੀ ਦਾ ਟੀਚਾ ਆਪਣੇ ਮਨ ਮੰਦਿਰ ਵਿੱਚ ਵਸਾਈ ਬੈਠਾ ਹੈ। ਇਹੋ ਕਾਰਣ ਹੈ ਕਿ ਸੰਜੀਦਾ ਅਤੇ ਸੂਫੀਆਨਾ ਗਾਇਕੀ ਅਜ਼ਮੇਰ ਦੀਵਾਨਾ ਦਾ ਪਹਿਲਾ ਪਿਆਰ ਹੈ। ਜਲੰਧਰ ਜਿਲੇ ਦੇ ਵਿੱਚ ਕਸਬਾ ਭੋਗਪੁਰ ਲਾਗਲੇ ਪਿੰਡ ਲੁਹਾਰਾਂ ਚਾੜ•ਕੇ ਦੀ ਮਿੱਟੀ ਨਾਲ ਮੋਹ ਪਾਲ ਰਹੇ ਤਰਸੇਮ ਦੀਵਾਨਾ ਦੇ ਇਸ ਲਾਡਲੇ ਸਪੁੱਤਰ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗਿਆਂ ਦੀਆਂ ਸੂਰਮਗਤੀ ਦੀਆਂ ਗਾਥਾਵਾਂ ਸੁਣਨਾ ਗਾਉਣਾ ਬੜਾ ਪਸੰਦ ਹੈ ਅਤੇ ਉਸਦੀ ਮਾਤਾ ਗੀਤਾ ਰਾਣੀ ਇਸ ਸੰਬੰਧੀ ਆਪਣੇ ਫਰਜਾਂ ਵਿੱਚ ਕਦੇ ਕੋਤਾਹੀ ਨਹੀਂ ਕਰਦੀ। ਅੱਜਕੱਲ ਅਜ਼ਮੇਰ ਦੀਵਾਨਾ ਆਪਣੇ ਮਾਤਾ ਪਿਤਾ, ਚਾਚੀ-ਚਾਚਾ ਅਤੇ ਭੈਣ-ਭਰਾਵਾਂ ਨਾਲ ਭਗਤ ਨਗਰ ਨੇੜੇ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਰਹਿ ਕੇ ਪੜਾਈ ਦੇ ਨਾਲ ਨਾਲ ਰੋਜਾਨਾ ਰਿਆਜ ਕਰ ਰਿਹਾ ਹੈ। ਅਜ਼ਮੇਰ ਦੀਵਾਨਾ ਨਾਲ ਉਸਦੇ ਟੈਲੀਫੋਨ ਨੰਬਰ 94172-52526 ਤੇ ਸੁਰ ਨਾਲ ਸੁਰ ਮਿਲਾਈ ਜਾ ਸਕਦੀ ਹੈ। ਸ਼ਾਲਾ ਆਪਣੀ ਪੀਹੜੀ ਦੇ ਬੱਚਿਆਂ ਲਈ ਪ੍ਰੇਰਣਾ ਸਰੋਤ ਬਨਣ ਵਾਲੇ ਇਸ ਨੰਨੇ ਗਾਇਕ ਅਜ਼ਮੇਰ ਦੀਵਾਨਾ ਦੀ ਚੜਦੀ ਕਲਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ ਅਤੇ ਮਾਂ ਬੋਲੀ ਦੀ ਸੇਵਾ ਵਿੱਚ ਡੱਟ ਕੇ ਖਲੋਵੇ। (ਆਮੀਨ)