ਲੋਨ ‘ਚ ਬੈਂਕ ਗਰੰਟੀ ਪਵਾ ਕੇ ਕੀਤੀ ਧੋਖਾਧੜੀ

ਬਠਿੰਡਾ, -ਬਠਿੰਡਾ ਸ਼ਹਿਰ ਵਿਚ ਇਕ ਵਿਅਕਤੀ ਦੀ ਲੋਨ ਵਿਚ ਬੈਂਕ ਗਰੰਟੀ ਪਵਾ ਕੇ ਉਸ ਨਾਲ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਕੈਨਾਲ ਕਾਲੋਨੀ ਪੁਲਿਸ ਨੇ ਧੋਖਾਧੜੀ ਸਬੰਧੀ ਪਿਓ-ਪੁੱਤ ਖਿਲਾਫ ਧਾਰਾ 420, 34 ਭਾਰਤੀ ਦੰਡਾਂਵਲੀ ਤਹਿਤ ਮਾਮਲਾ ਦਰਜ ਕਰ ਲਿਆ ਹੈ | ਅੰਮਿ੍ਤਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੀੜ ਰੋਡ ਬਠਿੰਡਾ ਨੇ ਪੁਲਿਸ ਨੂੰ ਲਿਖਾਈ ਸ਼ਿਕਾਇਤ ਵਿਚ ਦੱਸਿਆ ਕਿ 2014 ਵਿਚ ਦਰਸ਼ਨ ਲਾਲ ਗਰਗ ਪੁੱਤਰ ਆਤਮਾ ਰਾਮ ਵਾਸੀ ਗਨੇਸ਼ ਨਗਰ ਬਠਿੰਡਾ ਅਤੇ ਉਨ੍ਹਾਂ ਦੇ ਪੁੱਤਰ ਪ੍ਰਦੀਪ ਕੁਮਾਰ ਨੇ ਬੈਂਕ ਤੋਂ 30 ਲੱਖ ਰੁਪਏ ਦਾ ਲੋਨ ਲਿਆ ਸੀ ਅਤੇ ਲੋਨ ਸਮੇਂ ਯਾਰੀ-ਦੋਸਤ ਦੇ ਚਲਦਿਆਂ ਬੈਂਕ ਵਿਚ ਉਸਦੇ ਪਲਾਟ ਦੀ ਰਜਿਸਟਰੀ ਗਰੰਟੀ ਵਜੋਂ ਰਖਵਾ ਦਿੱਤੀ ਅਤੇ ਉਸ ਨੂੰ ਝਾਂਸਾ ਦਿੱਤਾ ਗਿਆ ਕਿ ਬਦਲੇ ਵਿਚ ਉਸ ਦਾ ਆਦੇਸ਼ ਮੈਡੀਕਲ ਸਟੋਰ ਵਿਚ ਹਿੱਸਾ ਪਾਇਆ ਜਾਵੇਗਾ ਅਤੇ ਉਸ ਨੂੰ ਪਾਰਟਨਰ ਬਣਾਇਆ ਜਾਵੇਗਾ | ਅੰਮਿ੍ਤਪਾਲ ਸਿੰਘ ਮੁਤਾਬਿਕ ਉਨ੍ਹਾਂ ਨੇ ਕੁਝ ਸਮਾਂ ਲੋਨ ਦੀਆਂ ਕਿਸ਼ਤਾਂ ਵੀ ਭਰੀਆਂ ਪ੍ਰੰਤੂ ਫਿਰ ਉਹ ਬੰਦ ਕਰ ਦਿੱਤੀਆਂ, ਜਿਸ ਕਾਰਨ ਬੈਂਕ ਦੇ ਲੋਨ ਦਾ ਬੋਝ ਉਸ ਦੇ ਸਿਰ ਵੀ ਪਾ ਦਿੱਤਾ ਗਿਆ | ਉਸ ਨੇ ਦੋਸ਼ ਲਾਇਆ ਕਿ ਉਪਰੋਕਤ ਪਿਓ-ਪੁੱਤ ਨੇ ਕਾਰੋਬਾਰ ਚਲਾਉਣ ਦਾ ਝਾਂਸਾ ਦੇ ਕੇ ਉਸ ਦੀ ਪ੍ਰਾਪਰਟੀ ‘ਚ ਹੇਰਾ ਫੇਰੀ ਕਰਕੇ ਉਸ ਨਾਲ ਧੋਖਾ ਕੀਤਾ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਲਾਟ ਦੀ ਰਜਿਸਟਰੀ ‘ਚ ਹੋਇਆ ਧੋਖਾ -ਸਥਾਨਕ ਅਜੀਤ ਰੋਡ ਦੇ ਇਕ ਵਿਅਕਤੀ ਨਾਲ ਪਲਾਟ ਦੀ ਰਜਿਸਟਰੀ ਵਿਚ ਧੋਖਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਗੁਰਸੇਵਕ ਸਿੰਘ ਪੁੱਤਰ ਭੂਰਾ ਸਿੰਘ ਨੇ ਆਪਣੀ ਦਰਖਾਸਤ ਵਿਚ ਦੱਸਿਆ ਕਿ ਵਰਿੰਦਰ ਪੁੱਤਰ ਭੀਮ ਰਾਜ ਵਾਸੀ ਨੀਲਾ ਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਉਸ ਦੀ ਭੈਣ ਸੁਮਨ ਰਾਣੀ ਵਾਸੀ ਅਜੀਤ ਰੋਡ ਬਠਿੰਡਾ ਨੇ ਅਜੀਤ ਰੋਡ, ਗਲੀ ਨੰ. 9ਬੀ ‘ਚ ਇਕ ਪਲਾਟ ਦੀ ਰਜਿਸਟਰੀ ਕਰਵਾਈ, ਜਿਸ ਵਿਚ ਗਲੀ ਦੀ ਵੀ ਲਿਆ ਗਿਆ | ਉਨ੍ਹਾਂ ਅਜਿਹਾ ਕਰਕੇ ਉਨ੍ਹਾਂ ਨਾਲ ਰਜਿਸਟਰੀ ‘ਚ ਧੋਖਾ ਕੀਤਾ | ਗੁਰਸੇਵਕ ਸਿੰਘ ਦੀ ਦਰਖਾਸਤ ‘ਤੇ ਕੀਤੀ ਪੜ੍ਹਤਾਲ ਉਪਰੰਤ ਥਾਣਾ ਸਿਵਲ ਲਾਈਨ ਪੁਲਿਸ ਨੇ ਵਰਿੰਦਰ ਤੇ ਉਸ ਦੀ ਭੈਣ ਸੁਮਨ ਰਾਣੀ ਖਿਲਾਫ ਧਾਰਾ 420 ਭਾਰਤੀ ਦੰਡਾਂਵਲੀ ਤਹਿਤ ਮਾਮਲਾ ਦਰਜ ਕਰ ਲਿਆ ਹੈ |