ਲੜਕੀ ਦੇ ਨਾਂ ‘ਤੇ ਫਰਜ਼ੀ ਫੇਸਬੁੱਕ ਆਈ. ਡੀ. ਬਣਾ ਕੇ ਨੌਜਵਾਨ ਨੇ ਕੀਤੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ

ਚੰਡੀਗੜ੍ਹ— ਸੈਕਟਰ-39 ਵਾਸੀ ਇਕ ਪੀੜਤ ਲੜਕੀ ਨੇ ਅਣਪਛਾਤੇ ਨੌਜਵਾਨ ‘ਤੇ ਆਪਣੀ ਫੇਸਬੁੱਕ ਆਈ. ਡੀ. ਤੋਂ ਫੋਟੋ ਚੋਰੀ ਕਰ ਕੇ ਉਸ ਦੀ ਫਰਜ਼ੀ ਫੇਸਬੁੱਕ ਆਈ. ਡੀ. ਬਣਾ ਕੇ ਅਸ਼ਲੀਲ ਤਸਵੀਰਾਂ ਪੋਸਟ ਕਰਨ ਦਾ ਦੋਸ਼ ਲਗਾਇਆ ਹੈ। ਪੀੜਤਾ ਦੀ ਸ਼ਿਕਾਇਤ ‘ਤੇ ਐੱਸ. ਐੱਸ. ਪੀ. ਨੇ ਮਾਮਲੇ ਦੀ ਜਾਂਚ ਸਾਈਬਰ ਸੈੱਲ ਵਿਭਾਗ ਨੂੰ ਮਾਰਕ ਕਰ ਦਿੱਤੀ। ਸ਼ਿਕਾਇਤਕਰਤਾ ਮੁਤਾਬਕ ਕਰੀਬ ਡੇਢ ਮਹੀਨਾ ਪਹਿਲਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਨਾਂ ‘ਤੇ ਫੇਸਬੁੱਕ ਆਈ. ਡੀ. ਬਣਾ ਕੇ ਉਸ ਨੂੰ ਰਿਕੁਐਸਟ ਭੇਜੀ। ਆਈ. ਡੀ. ਚੈੱਕ ਕਰਨ ‘ਤੇ ਪਤਾ ਲੱਗਾ ਕਿ ਉਸ ‘ਤੇ ਅਸ਼ਲੀਲ ਗੱਲਾਂ ਅਤੇ ਅਸ਼ਲੀਲ ਤਸਵੀਰਾਂ ਪੋਸਟ ਸਨ, ਜਿਸ ਦੇ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਅਤੇ ਉਨ੍ਹਾਂ ਨੇ ਕਿਸੇ ਆਈ. ਟੀ. ਐਕਸਪਰਟ ਤੋਂ ਮਦਦ ਮੰਗੀ ਪਰ ਬਾਅਦ ‘ਚ ਮੁਲਜ਼ਮ ਪਹਿਲੀ ਆਈ. ਡੀ. ਬਲਾਕ ਕਰਕੇ ਸ਼ਾਂਤ ਹੋ ਗਿਆ। ਪੀੜਤ ਦੇ ਪਰਿਵਾਰਕ ਮੈਂਬਰਾਂ ਨੂੰ ਲੱਗਾ ਕਿ ਹੁਣ ਮਾਮਲਾ ਸ਼ਾਂਤ ਹੋ ਚੁੱਕਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਕਰੀਬ 25 ਦਿਨਾਂ ਬਾਅਦ ਮੁਲਜ਼ਮ ਨੇ ਉਸ ਦੇ ਨਾਂ ‘ਤੇ ਦੂਜੀ ਫੇਕ ਆਈ. ਡੀ. ਬਣਾ ਲਈ। ਇਸ ਦੌਰਾਨ ਉਸ ਨੇ ਆਪਣੀ ਪੋਸਟ ‘ਚ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪੀੜਤ ਲੜਕੀ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਇਸ ਵਾਰ ਉਸ ਦਾ ਮੋਬਾਇਲ ਨੰਬਰ ਵੀ ਲੋਕਾਂ ਨੂੰ ਕਾਲ ਕਰਨ ਲਈ ਪੋਸਟ ਕਰ ਦਿੱਤਾ।
ਕਾਲਿੰਗ ਦੇ ਬਾਅਦ ਚੈੱਕ ਕੀਤੀ ਦੂਜੀ ਆਈ. ਡੀ.-ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਦੇਰ ਰਾਤ ਅਸ਼ਲੀਲ ਗੱਲਾਂ ਕਰਨ ਵਾਲਿਆਂ ਦੇ ਫੋਨ ਆਉਣ ਲੱਗੇ, ਜਿਸ ਦੇ ਬਾਅਦ ਉਸ ਨੂੰ ਉਸ ਦੀ ਦੂਜੀ ਫੇਕ ਆਈ. ਡੀ. ਬਾਰੇ ਜਾਣਕਾਰੀ ਮਿਲੀ। ਪੀੜਤਾ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆ ਕੇ ਐੱਸ. ਐੱਸ. ਪੀ. ਨੂੰ ਲਿਖਤੀ ਤੌਰ ‘ਤੇ ਕਾਰਵਾਈ ਲਈ ਸ਼ਿਕਾਇਤ ਦਿੱਤੀ। ਸਾਈਬਰ ਸੈੱਲ ਦੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਸ਼ਿਕਾਇਤ ‘ਤੇ ਗੂਗਲ ਨੂੰ ਲੈਟਰ ਲਿਖ ਕੇ ਆਈ. ਡੀ. ਬਲਾਕ ਕਰਨ ‘ਤੇ ਹਰ ਤਰ੍ਹਾਂ ਦੀ ਮਦਦ ਲਈ ਜਾਏਗੀ ਪਰ ਮੁਲਜ਼ਮ ਨੂੰ ਛੇਤੀ ਹੀ ਟਰੈਪ ਕਰ ਕੇ ਗ੍ਰਿਫਤਾਰ ਕਰ ਲਿਆ ਜਾਏਗਾ।