ਵਧੀਕ ਡਿਪਟੀ ਕਮਿਸ਼ਨਰ ਵੱਲੋਂ ਛੋਟਾ ਘੱਲੂਘਾਰਾ ਸਮਾਰਕ ਦਾ ਦੌਰਾ

ਗੁਰਦਾਸਪੁਰ (ਪ.ਪ.) ਕਾਹਨੂੰਵਾਨ ਛੰਭ ਅੰਦਰ ਛੋਟੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਉਸਾਰੀ ਸਮਾਰਕ ਵਿਖੇ ਸਾਰੇ ਪ੍ਰਬੰਧਾਂ ਦਾ ਜਾਇਜਾ ਲੈਣ ਅਤੇ ਇੱਥੇ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਇਸ ਸਮਾਰਕ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ. ਡਾ. ਸਈਅਦ ਸਹਿਰੀਸ਼ ਅਸਗਰ ਅਤੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਵੀ ਸਮਾਰਕ ਵਿਚ ਪਹੁੰਚ ਕੇ ਵਿਚਾਰ ਪੇਸ਼ ਕੀਤੇ। ਸ੍ਰੀ ਗਰੇਵਾਲ ਨੇ ਅਪਰੇਸ਼ਨ ਐਂਡ ਮੈਂਟੀਨੈਂਸ ਸੁਸਾਇਟੀ ਘੱਲੂਘਾਰਾ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਰਕ ਦੀ ਦਿੱਖ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਕਾਰਜ ਕਰਨ ਦੀ ਹਦਾਇਤ ਕੀਤੀ।
ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇੱਕ ਰੂਟ ਪਲਾਨ ਤਿਆਰ ਕਰਕੇ ਵਿਦਿਆਰਥੀਆਂ ਨੂੰ ਇਨ੍ਹਾਂ ਸਥਾਨਾਂ ਦੀ ਯਾਤਰਾ ਕਰਵਾਉਣ, ਪੀ. ਡਬਲਿਊ. ਡੀ. ਅਧਿਕਾਰੀਆਂ ਨੂੰ ਆਪਣੇ ਨਾਲ ਸਬੰਧਿਤ ਕੰਮ ਜਲਦੀ ਮੁਕੰਮਲ ਕਰਨ, ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀ ਸਵਿੰਮਗ ਪੂਲ ‘ਚ ਜਲਦ ਫੁਹਾਰੇ ਲਗਾਉਣ ਤੇ ਮੌਸਮੀ ਫੁੱਲਾਂ ਨੂੰ ਸਮਾਰਕ ‘ਚ ਲਗਾਉਣ ਦੀ ਹਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਇਸ ਮਹਾਨ ਸਮਾਰਕ ਦੇ ਦਰਸ਼ਨ ਕਰਨ ਆਉਣ ਵਾਲੇ ਯਾਤਰੀਆਂ ਨੂੰ ਛੋਟੇ ਘੱਲੂਘਾਰੇ ਨਾਲ ਸਬੰਧਿਤ ਫ਼ਿਲਮ ਦਿਖਾਉਣ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉੱਘੇ ਇਤਿਹਾਸਕਾਰ ਰਾਜ ਕੁਮਾਰ ਸ਼ਰਮਾ, ਡਾ. ਹਰਚਰਨ ਸਿੰਘ ਕੰਗ ਭੂਮੀ ਰੱਖਿਆ, ਡੀ.ਈ.ਓ. ਸਲਵਿੰਦਰ ਸਿੰਘ ਸਮਰਾ, ਬਲਰਾਜ ਸਿੰਘ ਕਾਲਾ ਬਾਲਾ ਮੈਂਬਰ ਸੁਸਾਇਟੀ, ਵਰਿੰਦਰ ਕੁਮਾਰ, ਦਲਵਿੰਦਰ ਸਿੰਘ, ਦਮਨਜੀਤ ਸਿੰਘ, ਅਨਿਲ ਸਲਾਰੀਆ ਆਦਿ ਹਾਜ਼ਰ ਸਨ।