ਵਿਕਾਸ ਦੇ ਨਾਂਅ ‘ਤੇ ਖੜ੍ਹੇ ਟੋਲ ਪਲਾਜ਼ਿਆਂ ਦੇ ਮਾਲਕਾਂ ਦਾ ਜੰਗਲ ਰਾਜ ਖ਼ਤਮ ਕਰਨ ਲਈ ਸਖ਼ਤ ਕਦਮ ਚੁੱਕੇ ਜਾਣ-ਰਘੁਨਾਥ ਸਿੰਘ

ਚੰਡੀਗੜ੍ਹ, -ਇੱਥੇ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਪਰਦੇ ਹੇਠ ਪੰਜਾਬ ਦੀਆਂ ਸੜਕਾਂ ਉੱਤੇ ਟੋਲ ਪਲਾਜ਼ਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਕਰਨ ਦੀ ਸਖ਼ਤ ਨਿੰਦਾ ਕੀਤੀ | ਰਘੁਨਾਥ ਸਿੰਘ ਨੇ ਕਿਹਾ ਪੰਜਾਬ ਦੀਆਂ ਸੜਕਾਂ ਉੱਤੇ ਲਗਾਏ ਗਏ ਟੋਲ ਪਲਾਜ਼ਿਆਂ ਦੇ ਮਾਲਕਾਂ ਵੱਲੋਂ ਜੰਗਲ ਰਾਜ ਚਲਾਇਆ ਜਾ ਰਿਹਾ ਹੈ, ਇੱਕ ਪਾਸੇ ਇਨ੍ਹਾਂ ਟੋਲ ਪਲਾਜ਼ਾ ਕੰਪਨੀਆਂ ਵੱਲੋਂ ਮਨਮਾਨੇ ਢੰਗ ਨਾਲ ਟੋਲ ਫੀਸਾਂ ਵਸੂਲ ਕਰਕੇ ਆਮ ਲੋਕਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ, ਦੂਜੇ ਪਾਸੇ ਕਿਰਤ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਮਜ਼ਦੂਰਾਂ ਦਾ ਘੋਰ ਅਣਮਨੁੱਖੀ ਸੋਸ਼ਣ ਕੀਤਾ ਜਾ ਰਿਹਾ ਹੈ | ਸਰਕਾਰ ਦੇ ਖਜ਼ਾਨੇ ਨੂੰ ਵੀ ਇਨ੍ਹਾਂ ਕੰਪਨੀਆਂ ਵੱਲੋਂ ਲਗਾਤਾਰ ਚੂਨਾ ਲਗਾਇਆ ਜਾ ਰਿਹਾ ਹੈ | ਟੋਲ ਪਲਾਜ਼ਿਆਂ ਨੇੜੇ ਲਗਾਤਾਰ ਲੰਬੇ ਲੰਬੇ ਟ੍ਰੈਫਿਕ ਜਾਮ ਲੱਗਣ ਕਾਰਨ ਜਿੱਥੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ, ਉਥੇ ਹਵਾ ਪ੍ਰਦੂਸ਼ਣ ਵੀ ਭਾਰੀ ਮਾਤਰਾ ਵਿਚ ਫੈਲ ਰਿਹਾ ਹੈ | ਰਘੁਨਾਥ ਸਿੰਘ ਨੇ ਕਿਹਾ ਕਿ ਜਦੋਂ ਵਾਹਨ ਮਾਲਕਾਂ ਤੋਂ ਰੋਡ ਟੈਕਸ ਵਸੂਲ ਕਰ ਲਿਆ ਜਾਂਦਾ ਹੈ, ਫਿਰ ਟੋਲ ਟੈਕਸ ਕਿਉਂ ਵਸੂਲ ਕੀਤਾ ਜਾ ਰਿਹਾ ਹੈ | ਪੰਜਾਬ ਸੀਟੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟੋਲ ਪਲਾਜ਼ਾ ਕੰਪਨੀਆਂ ਨੂੰ ਟੋਲ ਫੀਸਾਂ ਮਨਮਾਨੇ ਢੰਗ ਨਾਲ ਵਧਾਉਣ ਤੋਂ ਰੋਕਿਆ ਜਾਵੇ | ਕਿਰਤ ਕਾਨੂੰਨ ਦੀ ਟੋਲ ਪਲਾਜ਼ਾ ਕੰਪਨੀਆਂ ਵਿਚ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ | ਬੰਦ ਟੋਲ ਪਲਾਜ਼ਿਆਂ ਦੇ ਕਾਮਿਆਂ ਨੂੰ ਬਦਲਵਾਂ ਰੁਜ਼ਗਾਰ ਦਿੱਤਾ ਜਾਵੇ | ਟੋਲ ਪਲਾਜ਼ਾ ਕੰਪਨੀਆਂ ਦੀ ਆਮਦਨ ਸਬੰਧੀ ਜਾਂਚ ਕਿਸੇ ਉਚ ਪੱਧਰੀ ਕਮੇਟੀ ਤੋਂ ਕਰਵਾਈ ਜਾਵੇ |