ਸ਼ਾਪਿੰਗ ਸ਼ੌਕੀਆ ਨਹੀਂ, ਲੋੜ ਅਨੁਸਾਰ ਕਰੋ

1434530__9

ਮਹਿੰਗਾਈ ਸਾਰੇ ਹੱਦਾਂ-ਬੰਨੇ ਟੱਪ ਚੁੱਕੀ ਹੈ, ਪਤਾ ਨਹੀਂ ਕਿਥੇ ਜਾ ਕੇ ਰੁਕੇਗੀ। ਦਰਮਿਆਨਾ ਤਬਕਾ ਅਤੇ ਘੱਟ ਆਮਦਨ ਵਾਲੇ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਕੀਮਤਾਂ ਅੱਗੇ ਤਾਂ ਅਸਮਾਨ ਛੂੰਹਦੀਆਂ ਸਨ, ਪਰ ਹੁਣ ਤਾਂ ਅਸਮਾਨ ਵੀ ਪਾਰ ਕਰ ਗਈਆਂ ਹਨ। ਇਨ੍ਹਾਂ ਹਾਲਤਾਂ ਵਿਚ ਘਰ ਦਾ ਬੱਜਟ ਸਾਵਾਂ ਰੱਖਣਾ ਮੁਸ਼ਕਿਲ ਹੋ ਗਿਆ ਹੈ। ਬੱਚਿਆਂ ਦੀ ਪੜ੍ਹਾਈ, ਮਰੀਜ਼ਾਂ ਲਈ ਦਵਾਈ, ਵਿਆਹ-ਸ਼ਾਦੀਆਂ ਦੇ ਖ਼ਰਚੇ ਅਤੇ ਹੋਰ ਸਮਾਜਿਕ ਰਸਮਾਂ ਨਿਭਾਉਣੀਆਂ ਔਖੀਆਂ ਹੋ ਗਈਆਂ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਚਾਦਰ ਦੇਖ ਕੇ ਪੈਰ ਪਸਾਰੀਏ ਅਤੇ ਔਖੇ-ਸੌਖੇ ਵੇਲੇ ਲਈ ਕੁਝ ਬਚਾਅ ਕੇ ਰੱਖੀਏ। ਜੇਕਰ ਤੁਹਾਡੀ ਜੇਬ ‘ਚ ਚਾਰ ਪੈਸੇ ਹਨ ਤਾਂ ਰਿਸ਼ਤੇਦਾਰ ਵੀ ਤੁਹਾਨੂੰ ਸਲਾਮਾਂ ਕਰਨਗੇ, ਜੇਕਰ ਜੇਬ ਖਾਲੀ ਹੈ ਤਾਂ ਸਭ ਕੰਨੀ ਕਤਰਾਅ ਜਾਣਗੇ। ਘਰ ਲਈ ਰਾਸ਼ਣ, ਕੱਪੜੇ, ਬਰਤਨ ਅਤੇ ਫਰਨੀਚਰ ਆਦਿ ਖਰੀਦਦੇ ਸਮੇਂ ਜ਼ਰੂਰ ਸੋਚੋ ਕਿ ਬੇਲੋੜੀ ਚੀਜ਼ ਨਾ ਖਰੀਦੀ ਜਾਵੇ। ਗੁਆਂਢੀਆਂ ਜਾਂ ਦੋਸਤਾਂ ਦੀ ਦੇਖਾ-ਦੇਖੀ ਜਾਂ ਫੋਕੇ ਦਿਖਾਵੇ ਲਈ ਮਹਿੰਗੀ ਖਰੀਦਦਾਰੀ ਕਦੇ ਨਹੀਂ ਕਰਨੀ ਚਾਹੀਦੀ। ਜੋ ਵੀ ਤੁਹਾਡੇ ਕੋਲ ਹੈ, ਉਸ ਨੂੰ ਸੋਨਾ ਸਮਝੋ। ਹੋ ਸਕਦਾ ਹੈ ਉਨ੍ਹਾਂ ਦੀ ਆਮਦਨ ਦੇ ਵਸੀਲੇ ਤੁਹਾਡੇ ਤੋਂ ਵੱਧ ਹੋਣ। ਘਰੇਲੂ ਸਮਾਨ ਖਰੀਦਣਾ ਹੋਵੇ ਜਾਂ ਵਿਆਹ-ਸ਼ਾਦੀਆਂ ਕਰਨੀਆਂ ਹੋਣ ਤਾਂ ਕਰਜ਼ਾ ਚੁੱਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਰਜ਼ਾ ਵਾਪਸ ਵੀ ਕਰਨਾ ਹੁੰਦਾ ਹੈ ਅਤੇ ਇਹ ਸਾਡੇ ਲਈ ਕਈ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ। ਜੇਕਰ ਕਰਜ਼ਾ ਲੈਣਾ ਜ਼ਰੂਰੀ ਹੋ ਜਾਵੇ ਤਾਂ ਆਪਣੀ ਹੈਸੀਅਤ ਦੇਖ ਕੇ ਹੀ ਲੈਣਾ ਚਾਹੀਦਾ ਹੈ। ਵਿਖਾਵੇ ਵਾਲੀ ਖਰੀਦਦਾਰੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।