ਸ਼ਹੀਦ ਭਗਤ ਸਿੰਘ ਨੂੰ ਬੇਕਸੂਰ ਸਾਬਤ ਕਰਵਾ ਕੇ ਬਰਤਾਨਵੀ ਚਿਹਰਾ ਨੰਗਾ ਕਰਾਂਗੇ-ਇਮਤਿਆਜ਼

ਰੂਪਨਗਰ,-ਪਾਕਿਸਤਾਨ ‘ਚ ਸ਼ਹੀਦ ਭਗਤ ਸਿੰਘ ਨੂੰ ਇਨਸਾਫ ਦੁਆਉਣ ਲਈ ਲਾਹੌਰ ਹਾਈਕੋਰਟ ‘ਚ ਪੈਰਵਾਈ ਕਰ ਰਹੀ ਭਗਤ ਸਿੰਘ ਮੈਮੋਰੀਅਲ ਫਾਊਾਡੇਸ਼ਨ ਦੇ ਚੇਅਰਮੈਨ ਇਮਤਿਆਜ਼ ਅਲੀ ਰਸ਼ੀਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਸਾਂਡਰਸ ਹੱਤਿਆਕਾਂਢ ਦੀ ਮੁੜ ਸੁਣਵਾਈ ਕਰਨ ਲਈ ਲਾਹੌਰ ਹਾਈਕੋਰਟ ਕੋਲ ਪਹੁੰਚ ਕੀਤੀ ਹੈ ਅਤੇ ਉਹ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਬੇਕਸੂਰ ਸਾਬਤ ਕਰਵਾ ਕੇ ਬਰਤਾਨਵੀ ਚਿਹਰਾ ਨੰਗਾ ਕਰਾਉਣਗੇ | ਇਹ ਜਾਣਕਾਰੀ ਉਨ੍ਹਾਂ ਅੱਜ ਸਾਬਕਾ ਵਿਧਾਇਕ ਰਾਣਾ ਕੇ.ਪੀ. ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਿੱਤੀ | ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਤਿੰਨੇ ਸਾਂਡਰਸ ਹੱਤਿਆ ਕਾਂਡ ਵਿਚ ਬੇਕਸੂਰ ਸਨ ਅਤੇ ਉਨ੍ਹਾਂ ਨਾਲ ਬਰਤਾਨਵੀ ਸਰਕਾਰ ਨੇ ਘੋਰ ਬੇਇਨਸਾਫ਼ੀ ਕਰਕੇ ਹਾਈਕੋਰਟ ਦਾ ਤਿੰਨ ਮੈਂਬਰੀ ਟਿ੍ਬਿਊਨਲ ਕਾਇਮ ਕਰਵਾ ਕੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ | ਜਨਾਬ ਕੁਰੈਸ਼ੀ ਨੇ ਕਿਹਾ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਬੇਕਸੂਰ ਸਾਬਤ ਕਰਵਾਉਣ ਲਈ ਸਾਂਡਰਸ ਹੱਤਿਆ ਕਾਂਡ ਦੇ ਮਾਮਲੇ ਦੀ ਮੁੜ ਸੁਣਵਾਈ ਸ਼ੁਰੂ ਕਰਵਾਉਣ ਲਈ ਮਈ 2013 ਵਿਚ ਲਾਹੌਰ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੀ ਸਿੰਗਲ ਬੈਂਚ ਵੱਲੋਂ ਸੁਣਵਾਈ ਸ਼ੁਰੂ ਕੀਤੀ ਗਈ ਸੀ ਅਤੇ ਸਾਡੇ ਵੱਲੋਂ ਉਠਾਏ ਗਏ ਨੁਕਤਿਆਂ ਨੂੰ ਵੇਖਦਿਆਂ ਫ਼ਾਜ਼ਲ ਜੱਜ ਨੇ ਇਸ ਮਾਮਲੇ ਦੀ ਸੁਣਵਾਈ ਲਈ ਵੱਡਾ ਬੈਂਚ ਕਾਇਮ ਕਰਨ ਲਈ ਇਹ ਪਟੀਸ਼ਨ ਚੀਫ਼ ਜਸਟਿਸ ਕੋਲ ਭੇਜ ਦਿੱਤੀ, ਜਿਨ੍ਹਾਂ ਨੇ ਫਰਵਰੀ 2016 ਵਿਚ ਇਸ ਮਾਮਲੇ ਦੀ ਸੁਣਵਾਈ ਲਈ ਡਿਵੀਜ਼ਨ ਬੈਂਚ ਕਾਇਮ ਕੀਤਾ | ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਇਹ ਇਤਰਾਜ਼ ਕਰਨ ਕਿ ਸਾਂਡਰਸ ਹੱਤਿਆ ਕਾਂਡ ਦੇ ਮਾਮਲੇ ਵਿਚ ਤਿੰਨ ਜੱਜਾਂ ਦੇ ਟਿ੍ਬਿਊਨਲ ਵੱਲੋਂ ਸੁਣਵਾਈ ਕੀਤੀ ਗਈ ਸੀ ਇਸ ਲਈ ਪੰਜ ਜੱਜਾਂ ਦੇ ਬੈਂਚ ਕਾਇਮ ਕੀਤਾ ਜਾਵੇ ਤਾਂ ਇਹ ਪਟੀਸ਼ਨ ਮੁੜ ਚੀਫ਼ ਜਸਟਿਸ ਕੋਲ ਭੇਜੀ ਗਈ ਅਤੇ ਇਸ ਸਮੇਂ ਇਹ ਪਟੀਸ਼ਨ ਉਨ੍ਹਾਂ ਕੋਲ ਪਈ ਹੈ,ਜੋ ਕਿ ਪੰਜ ਜੱਜਾਂ ਦਾ ਬੈਂਚ ਕਾਇਮ ਕਰਨ ਸਬੰਧੀ ਛੇਤੀ ਫ਼ੈਸਲਾ ਲੈਣਗੇ | ਉਨ੍ਹਾਂ ਕਿਹਾ ਕਿ ਸਾਂਡਰਸ ਹੱਤਿਆ ਕਾਂਡ ਵਿਚ ਲਾਹੌਰ ਦੇ ਅਨਾਰਕਲੀ ਥਾਣੇ ਵਿਚ ਜੋ ਐਫਆਈਆਰ ਦਰਜ ਹੋਈ ਸੀ ਉਸ ਵਿਚ ਸ਼ਹੀਦ ਭਗਤ ਸਿੰਘ,ਰਾਜਗੁਰੂ ਜਾਂ ਸੁਖਦੇਵ ਦੇ ਨਾਂ ਨਹੀਂ ਸਨ ਅਤੇ ਇਹ ਅਗਿਆਤ ਵਿਅਕਤੀਆਂ ਿਖ਼ਲਾਫ਼ ਸੀ | ਉਨ੍ਹਾਂ ਕਿਹਾ ਕਿ ਜ਼ਿਨ੍ਹਾਂ ਲੋਕਾਂ ਨੇ ਸਾਂਡਰਸ ਹੱਤਿਆ ਕਾਂਡ ਵਿਚ ਗਵਾਹੀਆਂ ਦਿੱਤੀਆਂ ਸਨ ਉਹ ਬਰਤਾਨਵੀ ਸਰਕਾਰ ਦੇ ਪਿੱਠੂ ਸਨ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਵੱਡੇ-ਵੱਡੇ ਇਨਾਮਾਂ ਨਾਲ ਨਿਵਾਜਿਆ ਗਿਆ ਸੀ | ਇਸ ਮੌਕੇ ਪਾਣੀਪਤ ਦੇ ਰਹਿਣ ਵਾਲੇ ਮੁਹੰਮਦ ਮਲਿਕ, ਜੋ ਕਿ ਭਗਤ ਸਿੰਘ ਮੈਮੋਰੀਅਲ ਫਾਊਾਡੇਸ਼ਨ ਪਾਕਿਸਤਾਨ ਨੂੰ ਸਾਂਡਰਸ ਹੱਤਿਆ ਕਾਂਡ ਦੀ ਮੁੜ ਸੁਣਵਾਈ ਕਰਵਾਉਣ ਲਈ ਸਹਾਇਤਾ ਕਰ ਰਹੇ ਹਨ, ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਂਡਰਸ ਹੱਤਿਆ ਕਾਂਡ ਵਿਚ ਸ਼ਹੀਦ ਭਗਤ ਸਿੰਘ ਵਿਰੁੱਧ ਗਵਾਹੀਆਂ ਦਿੱਤੀਆਂ ਉਹ ਬਾਅਦ ਵਿਚ ਭਾਰਤ ਅੰਦਰ ‘ਮਲਾਈ’ ਖਾਂਦੇ ਰਹੇ, ਜਿਨ੍ਹਾਂ ਦੇ ਨਾਂ ਦਾ ਵੀ ਖ਼ੁਲਾਸਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਨੂੰ ਬੇਕਸੂਰ ਸਾਬਤ ਕਰਵਾ ਕੇ ਬਰਤਾਨਵੀਆਂ ਦਾ ਅਸਲ ਚਿਹਰਾ ਨੰਗਾਂ ਕਰਨਗੇ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਪਰਿਵਾਰ ਵਾਲਿਆਂ ਨੂੰ ਬਰਤਾਨਵੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕਰਨਗੇ | ਇਸ ਮੌਕੇ ਭਗਤ ਸਿੰਘ ਮੈਮੋਰੀਅਲ ਫਾਊਾਡੇਸ਼ਨ ਪਾਕਿਸਤਾਨ ਦੇ ਸੀਨੀਅਰ ਵਾਈਸ ਚੇਅਰਮੈਨ ਸੂਫ਼ੀ ਤੂਫੈਲ ਨਦੀਮ, ਸ਼ਹੀਦ ਭਗਤ ਸਿੰਘ ਦੀ ਭਾਣਜੀ ਗੁਰਜੀਤ ਕੌਰ ਢੱਟ ਆਦਿ ਵੀ ਸ਼ਾਮਲ ਸਨ |