ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰਾਂ ਨੇ ਕੀਤਾ ਸਿਵਲ ਹਸਪਤਾਲ ਮੋਗਾ ਦਾ ਦੌਰਾ

ਮੋਗਾ,-ਸਿਵਲ ਹਸਪਤਾਲ ਮੋਗਾ ਦੇ ਸਿਹਤ ਅਧਿਕਾਰੀਆਂ ਦੀ ਸਿਹਤ ਸਹੂਲਤਾਂ ਅਤੇ ਹੋਰ ਵਰਤੀਆਂ ਜਾ ਰਹੀਆਂ ਲਾਪਰਵਾਹੀਆਂ ਦੇ ਮੱਦੇਨਜ਼ਰ ਸਿਹਤ ਵਿਭਾਗ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦਾ ਮੋਗਾ ਦੇ ਸਿਵਲ ਹਸਪਤਾਲ ਦਾ ਅਚਾਨਕ ਦੌਰਾਨ ਕਰਨਾ ਲਗਾਤਾਰ ਜਾਰੀ ਹੈ | ਅਜੇ ਥੋੜੇ ਦਿਨ ਹੀ ਪਹਿਲਾਂ ਸਿਹਤ ਵਿਭਾਗ ਦੇ ਡਾਇਰੈਕਟਰ ਡਾ: ਵੀ.ਕੇ. ਬਾਲੀ ਵੀ ਅਚਾਨਕ ਦੌਰੇ ‘ਤੇ ਆਏ ਸਨ ਅਤੇ ਉਨ੍ਹਾਂ ਅਧਿਕਾਰੀਆਂ ਨੂੰ ਸਿਹਤ ਸੇਵਾਵਾਂ ਵਿਚ ਸੁਧਾਰ ਲਿਆਉਣ ਦੀ ਤਾੜਨਾ ਵੀ ਕੀਤੀ ਸੀ ਅਤੇ ਅੱਜ ਸਿਹਤ ਹਸਪਤਾਲ ਦੇ ਸਿਹਤ ਅਧਿਕਾਰੀਆਂ ਨੂੰ ਉਸ ਸਮੇਂ ਹਥਾਂ ਦੀ ਪੈ ਗਈ ਜਦ ਚੰਡੀਗੜ੍ਹ ਤੋਂ ਸਿਹਤ ਵਿਭਾਗ ਦੇ ਡਾਇਰੈਕਟਰ ਡਾ: ਰਕੇਸ਼ ਕਸ਼ਯਿਪ ਅਤੇ ਡਿਪਟੀ ਡਾਇਰੈਕਟਰ ਡਾ: ਧਰਮਪਾਲ ਨੇ ਅਚਾਨਕ ਦਬਸ਼ ਦੇ ਦਿੱਤੀ | ਉਨ੍ਹਾਂ ਆਉਣਸਾਰ ਹੀ ਸਿਵਲ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਜਿੰਨ੍ਹਾਂ ਵਿਚ ਓ.ਪੀ.ਡੀ. ਐਮਰਜੈਂਸੀ ਵਿਭਾਗ, ਲੈਬਾਰਟਰੀ, ਜੱਚਾ ਬੱਚਾ ਵਿਭਾਗ ਅਤੇ ਹੋਰ ਵਾਰਡਾਂ ਵਿਚ ਜਾ ਕੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਸਿਹਤ ਸਹੂਲਤਾਂ ਦੇ ਪ੍ਰਬੰਧਾਂ ਵਿਚ ਸੁਧਾਰ ਲਿਆਉਣ ਲਈ ਤਾੜਨਾ ਕੀਤੀ | ਉਨ੍ਹਾਂ ਗੈਰ ਹਾਜ਼ਰ ਪਾਏ ਗਏ ਸਿਹਤ ਕਰਮਚਾਰੀਆਂ ਦੀ ਜਵਾਬ ਤਲਬੀ ਕਰਕੇ ਲਿਖਤੀ ਤੌਰ ‘ਤੇ ਕਾਰਨ ਦੱਸਣ ਦੀ ਹਦਾਇਤ ਵੀ ਜਾਰੀ ਕੀਤੀ |