ਸੁਵਿਧਾ ਕੇਂਦਰ ਬਣੇ ਦੁਵਿਧਾ ਕੇਂਦਰ

ਗੁਰਦਾਸਪੁਰ (ਰਮੇਸ਼) ਪੰਜਾਬ ਸਰਕਾਰ ਨੇ ਆਮ ਜਨਤਾ ਲਈ ਗੁਰਦਾਸਪੁਰ ਵਿਖੇ ਜੋ ਸੁਵਿਧਾ ਕੇਂਦਰ ਖੋਲੇ ਹਨ, ਉਹ ਦੁਵਿਧਾ ਕੇਂਦਰ ਬਣ ਚੁੱਕੇ ਹਨ। ਆਮ ਲੋਕਾਂ ਅਤੇ ਖਾਸ ਤੌਰ ਤੇ ਗਰੀਬ ਅਤੇ ਮੱਧਵਰਗੀ ਪਰਿਵਾਰ ਨੂੰ ਕੋਈ ਵੀ ਸਰਟੀਫਿਕੇਟ ਜਿਵੇਂ ਕਿ ਜਨਮ, ਮੌਤ ਕੈਟਾਗਰੀ, ਰੈਜੀਡੈਂਸ ਆਦਿ ਬਣਾਉਣ ਵਿੱਚ ਭਾਰੀ ਮੁਸ਼ਿਕਲ ਆ ਰਹੀ ਹੈ। ਜਦੋਂ ਏਕਤਾ ਲਹਿਰ ਦੇ ਪੱਤਰਕਾਰ ਨੇ ਗੁਰਦਾਸਪੁਰ ਦੇ ਸੁਵਿਧਾ ਕੇਂਦਰ ਦਾ ਦੌਰਾ ਕੀਤਾ ਤਾਂ ਦੇਖਿਆ ਉੱਥੇ ਲੋਕਾਂ ਦੀ ਭਾਰੀ ਲਾਈਨ ਲੱਗੀ ਹੋਈ ਹੈ। ਇਕ ਔਰਤ ਅਤੇ ਉਸ ਨਾਲ ਉਸਦੀਆਂ ਦੋ ਬੇਟੀਆਂ ਜੋ ਕਿ ਗੁਰਦਾਸਪੁਰ ਤੋਂ ਘੱਟੋ-ਘੱਟ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਈਆਂ ਸਨ ਤਾਂ ਜਦੋਂ ਉਨ੍ਹਾਂ ਦੀ ਵਾਰੀ ਆਈ ਤਾਂ ਕੁਰਸੀ ਤੇ ਬੈਠੀ ਮੈਡਮ ਨੇ ਕਿਹਾ ਕਿ ਤੁਸੀਂ ਫਾਰਮ ਇੰਗਲਿਸ਼ ਵਿੱਚ ਭਰਿਆ ਹੈ। ਜਾਉ ਪੰਜਾਬੀ ਵਿੱਚ ਭਰ ਕੇ ਲਿਆਉ।
ਅੱਤ ਦੀ ਗਰਮੀ ਵਿੱਚ ਲੋਕ ਆਪਣੇ-ਆਪਣੇ ਸਰਟੀਫਿਕੇਟ ਦੇ ਕੰਮਾਂ ਅਤੇ ਹੋਰ ਕੰਮਾਂ ਲਈ ਸੁਵਿਧਾ ਕੇਂਦਰ ਵਿੱਚ ਆਉਂਦੇ ਦੇਖੇ ਗਏ। ਪਰ ਮੁੱਖ ਤੌਰ ਤੇ ਉਨ੍ਹਾਂ ਲੋਕਾਂ ਦਾ ਕੰਮ ਜਲਦੀ ਹੋ ਜਾਂਦਾ ਹੈ, ਜਿਨ੍ਹਾਂ ਦਾ ਕੋਈ ਸਿਫਾਰਿਸ਼ ਹੋਵੇ ਜਾਂ ਜਾਣ-ਪਹਿਚਾਣ ਹੋਵੇ। ਆਮ, ਗਰੀਬ ਅਤੇ ਮੱਧਵਰਗੀ ਲੋਕਾਂ ਲਈ ਸੁਵਿਧਾ ਕੇਂਦਰ ਦੁਵਿਧਾ ਕੇਂਦਰ ਬਣ ਚੁੱਕਾ ਹੈ। ਲੋਕਾਂ ਅਤੇ ਹੋਰ ਜਥੇਬੰਦੀਆਂ, ਆਗੂਆਂ ਨੇ ਸਰਕਾਰ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੰਬੰਧੀ ਜਲਦੀ ਹੱਲ ਕੀਤਾ ਜਾਵੇ।