ਸ੍ਰੀ ਰਾਮ ਕਥਾ ਦੇ ਚੌਥੇ ਦਿਨ ਗੁਰਪ੍ਰਤਾਪ ਸਿੰਘ ਵਡਾਲਾ, ਆਦਿਤਿਆ ਭਟਾਰਾ ਅਤੇ ਭੁਪਿੰਦਰ ਟੱਕਰ ਨੇ ਸਾਂਝੇ ਤੌਰ ਤੇ ਸ਼ਮਾ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ

4

ਨਕੋਦਰ (ਧੀਮਾਨ/ਢੀਂਗਰਾ) ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੁਆਰਾ ਸ੍ਰੀ ਜਗਦੰਬੇ ਜੰਜ ਘਰ, ਦੇਵੀ ਤਲਾਬ ਮੰਦਰ, ਨਕੋਦਰ ਵਿਚ ਪੰਜ ਦਿਨਾ ਸ੍ਰੀ ਰਾਮ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ੍ਰੀ ਰਾਮ ਕਥਾ ਦੇ ਚੌਥੇ ਦਿਨ ਸ. ਗੁਰਪ੍ਰਤਾਪ ਸਿੰਘ ਵਡਾਲਾ ਹਲਕਾ ਵਿਧਾਇਕ ਨਕੋਦਰ, ਆਦਿਤਿਆ ਭਟਾਰਾ ਪ੍ਰਧਾਨ ਨਗਰ ਕੌਂਸਲ ਅਤੇ ਭੁਪਿੰਦਰ ਟੱਕਰ ਪ੍ਰਧਾਨ ਅਰੋੜਾ ਮਹਾਸਭਾ ਨਕੋਦਰ ਨੇ ਸਾਂਝੇ ਤੌਰ ਤੇ ਸ਼ਮਾ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ, ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਬਲਦੇਵ ਬੱਬੂ, ਰਮੇਸ਼ ਸੋਂਧੀ ਕੌਸਲਰ, ਸਤਪਾਲ ਟੰਡਨ ਸਮਾਜ ਸੇਵਕ, ਗੌਰਵ ਸਹਿਗਲ, ਕੇਸ਼ਵ ਧੀਰ ਸਾਬਕਾ ਕੌਂਸਲਰ, ਕਮਲ ਸ਼ਰਮਾ ਵਿੱਕੀ ਨਵਯੁੱਗ ਉਰਜਾ ਗਰੁੱਪ ਸ਼ਾਹਕੋਟ, ਰਮਨ ਗੁਪਤਾ ਪ੍ਰਧਾਨ ਰੈੱਡ ਰਿਬਨ ਕਲੱਬ, ਰਵੀ ਗੁਪਤਾ ਮੈਡੀਕਲ ਅਫਸਰ, ਰਾਹੁਲ ਖੋਸਲਾ, ਹਰੀਸ਼ ਕੁਮਾਰ ਆਦਿ ਹਾਜ਼ਰ ਸਨ।
ਕਥਾ ਦੇ ਚੌਥੇ ਦਿਨ ਸੰਸਥਾਨ ਦੇ ਸੰਚਾਲਕ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸੇਵਕਾ ਸਾਧਵੀ ਸੁਮੇਧਾ ਭਾਰਤੀ ਜੀ ਨੇ ਆਪਣੇ ਵਿਚਾਰਾਂ ਰਾਹੀਂ ਕੇਵਟ ਪ੍ਰਸੰਗ ਨੂੰ ਬਹੁਤ ਭਾਵਪੂਰਨ ਢੰਗ ਨਾਲ ਸੰਗਤ ਦੇ ਸਾਹਮਦੇ ਰੱਖਿਆ। ਸਾਧਵੀ ਜੀ ਨੇ ਕਿਹਾ ਕਿ ਸ੍ਰੀ ਰਾਮ ਕੇਵਟ ਨੂੰ ਗੰਗਾ ਨਦੀ ਪਾਰ ਕਰਨ ਦੇ ਲਈ ਕਿਸ਼ਤੀ ਦੀ ਮੰਗ ਕਰਦੇ ਹਨ। ਇਹ ਘਟਨਾ ਨਿਸ਼ਕਾਮਤਾ ਦਾ ਪ੍ਰਤੀਕ ਹੈ। ਜਦੋਂ ਇਕ ਭਗਤ ਦੇ ਅੰਦਰ ਨਿਸ਼ਕਾਮ ਭਗਤੀ ਜਨਮ ਲੈਂਦੀ ਹੈ ਤਾਂ ਉਸ ਭਗਤ ਨੂੰ ਈਸ਼ਵਰ ਤੋਂ ਮੰਗਣਾ ਨਹੀਂ ਪੈਂਦਾ ਬਲਕਿ ਭਗਵਾਨ ਖੁਦ ਉਸ ਦੇ ਦਰਵਾਜੇ ਉਪਰ ਮੰਗਣ ਲਈ ਆ ਜਾਂਦੇ ਹਨ। ਕੇਵਟ ਵਾਰ ਵਾਰ ਕਹਿੰਦੇ ਹਨ ਕਿ ਪ੍ਰਭੂ ਮੈਂ ਆਪਣੇ ਰਹੱਤ ਨੂੰ ਜਾਣਦਾ ਹਾਂ। ਇਹ ਐਲਾਨ ਉਹ ਹੀ ਕਰ ਸਕਦਾ ਹੈ ਜਿਸ ਬ੍ਰਹਮ ਗਿਆਨ ਦੁਆਰਾ ਈਸ਼ਵਰ ਨੂੰ ਆਪਣੇ ਅੰਦਰ ਹੀ ਦੇਖ ਲਿਆ ਹੋਵੇ।
ਇਸ ਤੋਂ ਅੱਗੇ ਸਾਧਵੀ ਜੀ ਨੇ ਕਿਹਾ ਸ੍ਰੀ ਰਾਮ ਆਪਣੇ ਜੀਵਨ ਚਰਿਤ੍ਰ ਦੁਆਰਾ ਸਾਨੂੰ ਨਾਰੀ ਦਾ ਸਨਮਾਨ ਕਰਨ ਦੀ ਸਿੱਖਿਆ ਦਿੰਦੇ ਹਨ। ਅਸਲ ਵਿਚ ਇਹ ਸਾਡੇ ਭਾਰਤ ਦੀ ਸੰਸਕ੍ਰਿਤੀ ਰਹੀ ਹੈ। ਨਾਰੀ ਹਰ ਰਾਸ਼ਟਰ ਦਾ ਕੇਂਦਰ ਬਿੰਦੂ ਹੈ। ਕਿਸੇ ਰਾਸ਼ਟਰ ਦੀ ਖੁਸ਼ਹਾਲੀ ਦੇਖਣੀ ਹੋਵੇ ਤਾਂ ਉਥੋਂ ਦੀ ਨਾਰੀ ਦੀ ਦਸ਼ਾ ਦੇਖ ਲੈਣ ਤੋਂ ਪਤਾ ਲੱਗ ਜਾਂਦਾ ਹੈ, ਪ੍ਰੰਤੂ ਦੁੱਖ ਇਸ ਗੱਲ ਦਾ ਹੈ ਕਿ ਅੱਜਰ ਭਾਰਤ ਦੇਸ਼ ਦੀ ਨਾਰੀ ਦੀ ਦਸ਼ਾ ਦਿਨ ਪ੍ਰਤੀਦਿਨ ਤਰਸਯੋਗ ਬਣਦੀ ਜਾ ਰਹੀ ਹੈ। ਜੋ ਸਾਡੇ ਰਾਸ਼ਟਰ ਦੇ ਲਈ ਘਾਤਕ ਸਿੱਧ ਹੋਵੇਗਾ। ਇਸ ਲਈ ਸਾਨੂੰ ਜ਼ਰੂਰਤ ਹੈ ਕਿ ਨਾਰੀ ਦੇ ਮਹਾਨਤਾ ਦੀ ਪਹਿਚਾਨ ਕੀਤੀ ਜਾਵੇ। ਕੰਨਿਆ ਭਰੂਣ ਹੱਤਿਆ, ਨਾਰੀ ਸ਼ੋਸ਼ਣ ਅਤੇ ਦਹੇਜ ਪ੍ਰਥਾ ਆਦਿ ਕੁਰੀਤੀਆਂ ਨੂੰ ਆਪਣੇ ਦੇਸ਼ ਵਿਚੋਂ ਬਾਹਰ ਕੱਢਣਾ ਹੋਵੇਗਾ। ਤਾਂ ਹੀ ਇਕ ਸਫ਼ਲ ਰਾਸ਼ਟਰ ਦੀ ਸਿਰਜਣਾ ਹੋ ਸਕਦੀ ਹੈ। ਇਤਿਹਾਸ ਉਪਰ ਨਜਰ ਦੌੜਾਈ ਜਾਵੇ ਤਾਂ ਹਰ ਸਫ਼ਲ ਇਨਸਾਨ ਦੇ ਪਿੱਛੇ ਇਕ ਇਸਤਰੀ ਦਾ ਹੱਥ ਰਿਹਾ ਹੈ। ਮਾਂ ਸੀਤਾ ਨੇ ਵੀ ਪਵਿੱਤਰਤਾ ਦਾ ਧਰਮ ਨਿਭਾਉਂਦੇ ਹੋਏ ਪ੍ਰਭੂ ਦਾ ਹਰ ਮੋੜ ਉਪਰ ਸਾਥ ਦਿੱਤਾ ਸੀ। ਅੱਜ ਸਾਡੇ ਸਮਾਜ ਨੂੰ ਵੀ ਮਾਂ ਸੀਤਾ ਵਰਗੀਆਂ ਅਧਿਆਤਮਕ ਨਾਰੀਆਂ ਦੀ ਜ਼ਰੂਰਤ ਹੈ ਤਾਂ ਕਿ ਸਾਡਾ ਰਾਸ਼ਟਰ ਖੁਸ਼ਹਾਲ ਬਣ ਸਕੇ। ਇਸ ਕਥਾ ਨੂੰ ਪ੍ਰਭੂ ਦੀ ਪਵਿੱਤਰ ਆਰਤੀ ਦੁਆਰਾ ਸੰਪੰਨ ਕੀਤਾ ਗਿਆ।।