ਹੁੱਡਾ ਵੱਲੋਂ ਖੱਟਰ ਸਰਕਾਰ ਵਿਰੁੱਧ 12 ਜੂਨ ਨੂੰ ਸਿਰਸਾ ਤੋਂ ‘ਪੋਲ ਖੋਲ੍ਹੋ ਮੁਹਿੰਮ’

ਚੰਡੀਗੜ੍ਹ, -ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਐਲਾਨ ਕੀਤਾ ਹੈ ਕਿ ਉਹ ਖੱਟਰ ਸਰਕਾਰ ਦੇ ਵਿਰੁੱਧ 12 ਜੂਨ ਨੂੰ ਸਿਰਸਾ ਤੋਂ ਜਨਤਾ ਨੂੰ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕਰਨਗੇ | ਪਹਿਲਾਂ ਇਹ ਮੁਹਿੰਮ 5 ਜ਼ਿਲਿ੍ਹਆਂ ਮੇਵਾਤ, ਪਲਵਲ, ਮਹਿੰਦਰਗੜ੍ਹ ਤੇ ਅੰਬਾਲਾ ਵਿਚ ਸ਼ੁਰੂ ਕੀਤੀ ਜਾਏਗੀ ਤੇ ਬਾਅਦ ਵਿਚ ਸਾਰੇ ਦੇ ਸਾਰੇ 90 ਹਲਕਿਆਂ ਵਿਚ ਰਾਜ ਦੀ ਭਾਜਪਾ ਸਰਕਾਰ ਦੀਆਂ ਜਨਤਕ ਵਿਰੋਧੀ ਨੀਤੀਆਂ ਨੂੰ ਬੇਨਕਾਬ ਕੀਤਾ ਜਾਏਗਾ | ਕੱਲ੍ਹ ਦੇ ਚੰਡੀਗੜ੍ਹ ਵਿਚ ਆਪਣੇ ਸ਼ਕਤੀ ਪ੍ਰਦਰਸ਼ਨ ਤੋਂ ਪਿੱਛੋਂ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਉਨ੍ਹਾਂ ਦੋਸ਼ ਲਾਇਆ ਕਿ ਇਹ ਸਰਕਾਰ ਗੈਰ ਜ਼ਿੰਮੇਵਾਰ ਸਾਬਤ ਹੋਈ ਹੈ | ਜਾਟ ਰਾਖਵਾਂਕਰਨ ਅੰਦੋਲਨ ਇਸ ਦੀ ਨਾਲਾਇਕੀ ਦੀ ਮੂੰਹ ਬੋਲਦੀ ਤਸਵੀਰ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਅੰਦੋਲਨ ਦੀ ਜਾਂਚ ਕਰਨ ਵਾਲੀ ਪ੍ਰਤਾਪ ਸਿੰਘ ਕਮੇਟੀ ਦੀ ਰਿਪੋਰਟ ਜਨਤਾ ਦੇ ਸਾਹਮਣੇ ਰੱਖੀ ਜਾਏ ਤਾਂ ਕਿ ਪਤਾ ਚਲ ਸਕੇ ਕਿ ਕਿਸ ਕਿਸ ਮੰਤਰੀ ਤੇ ਅਧਿਕਾਰੀ ਨੇ ਇਸ ਅੰਦੋਲਨ ਦੇ ਦੌਰਾਨ ਕੀ ਭੂਮਿਕਾ ਨਿਭਾਈ? ਉਨ੍ਹਾਂ ਖੱਟਰ ਸਰਕਾਰ ‘ਤੇ ਵਰਦਿਆਂ ਆਪਣੀ ਇਹ ਮੰਗ ਦੁਹਰਾਈ ਕਿ ਉਕਤ ਅੰਦੋਲਨ ਬਾਰੇ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਾਈ ਜਾਏ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਸਕੇ | ਪ੍ਰੈਸ ਕਾਨਫਰੰਸ ਵਿਚ ਸਾਬਕਾ ਮੰਤਰੀ ਕਰਨ ਸਿੰਘ ਦਲਾਲ ਤੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਵੀ ਹਾਜ਼ਰ ਸਨ | ਉਨ੍ਹਾਂ ਵਿਚਾਰ ਪ੍ਰਗਟ ਕੀਤਾ ਕਿ ਖੱਟਰ ਸਰਕਾਰ ਆਪਣੀ ਨਾਕਾਮੀ ਛੁਪਾਉਣ ਲਈ ਪ੍ਰਕਾਸ਼ ਸਿੰਘ ਕਮੇਟੀ ਦੀ ਰਿਪੋਰਟ ਛੁਪਾਈ ਬੈਠੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਉਕਤ ਅੰਦੋਲਨ ਦੇ ਦੌਰਾਨ ਸ੍ਰੀ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਦੇ ਤੌਰ ‘ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ, ਜਿਨ੍ਹਾਂ ‘ਤੇ ਇਹ ਖੁੱਲ੍ਹੇ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਦੰਗੇ ਹੋਏ | ਸਰਕਾਰੀ ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ | ਸ੍ਰੀ ਹੁੱਡਾ ਨੇ ਕਿਹਾ ਕਿ ਮੈਂ ਪਾਰਟੀ ਨਹੀਂ ਛੱਡ ਰਿਹਾ ਮੈਂ ਕਾਂਗਰਸੀ ਹਾਂ ਤੇ ਕਾਂਗਰਸ ‘ਚ ਹੀ ਰਹਾਂਗਾ |