ਖ਼ਾਲਸਾ ਸਾਜਨਾ ਦਿਵਸ ਦੇ ਸਬੰਧ ‘ਚ ਲੈਸਟਰ ‘ਚ ਸਜਾਇਆ ਵਿਸ਼ਾਲ ਨਗਰ ਕੀਰਤਨ

ਅਮਰੀਕਾ, ਕੈਨੇਡਾ ਅਤੇ ਯੂਰਪ ਭਰ ਤੋਂ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਿਲ
ਲੈਸਟਰ (ਇੰਗਲੈਂਡ), – ਖ਼ਾਲਸਾ ਪੰਥ ਦੇ ਸਾਜਨਾ ਦਿਵਸ ਦੇ ਸਬੰਧ ‘ਚ ਅੱਜ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਸਮੇਤ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਨੇ ਸ਼ਿਰਕਤ ਕੀਤੀ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਗੁਰੂ ਮਹਾਰਾਜ ਅੱਗੇ ਅਰਦਾਸ ਕਰਨ ਉਪਰੰਤ ਆਰੰਭ ਹੋਏ ਇਸ ਨਗਰ ਕੀਰਤਨ ਦਾ ਟਾਊਨ ਸੈਂਟਰ ਅਤੇ ਹੋਰ ਰਸਤਿਆਂ ‘ਚ ਲੈਸਟਰ ਸਮੇਤ ਵੱਖ-ਵੱਖ ਸ਼ਹਿਰ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਰਸਤੇ ‘ਚ ਚਾਹ ਪਕੌੜਿਆਂ ਅਤੇ ਹੋਰ ਤਰ੍ਹਾਂ-ਤਰ੍ਹਾਂ ਦੇ ਅਨੇਕਾਂ ਪਕਵਾਨਾਂ ਦੇ ਅਤੁੱਟ ਲੰਗਰ ਲਗਾਏ ਗਏ। ਇਹ ਨਗਰ ਕੀਰਤਨ ਲੈਸਟਰ ਦੇ ਵੱਖ-ਵੱਖ ਰਸਤਿਆਂ ਰਾਹੀਂ ਹੁੰਦਾ ਹੋਇਆ ਤਿੰਨ ਵਜੇ ਦੇ ਕਰੀਬ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਈਸਟ ਪਾਰਕ ਰੋਡ ਵਿਖੇ ਅਰਦਾਸ ਕਰਨ ਉਪਰੰਤ ਸੰਪੂਰਨ ਹੋਇਆ। ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਈਸਟ ਪਾਰਕ ਰੋਡ ਵਿਖੇ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਇਕ ਵਿਸ਼ਾਲ ਰਾਗੀ ਢਾਡੀ ਅਤੇ ਕਵੀਸ਼ਰੀ ਦਰਬਾਰ ਸਜਾਇਆ ਗਿਆ, ਜਿਸ ਵਿਚ ਵੱਖ-ਵੱਖ ਰਾਗੀ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਨਗਰ ਕੀਰਤਨ ‘ਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੌਲੀ ਬੋਨ ਦੇ ਪ੍ਰਧਾਨ ਅਜਮੇਰ ਸਿੰਘ ਬਸਰਾ, ਜਨਰਲ ਸਕੱਤਰ ਅਮਰੀਕ ਸਿੰਘ ਗਿੱਲ, ਗੁਰਦੁਆਰਾ ਤੇਗ਼ ਬਹਾਦਰ ਸਾਹਿਬ ਦੇ ਸਾਬਕਾ ਪ੍ਰਧਾਨ ਮੰਗਲ ਸਿੰਘ, ਜਨਰਲ ਸਕੱਤਰ ਗੁਰਨਾਮ ਸਿੰਘ, ਮੀਤ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਸੁਰਿੰਦਰਪਾਲ ਸਿੰਘ ਐੱਸ.ਪੀ., ਸੁਰਿੰਦਰਬੀਰ ਸਿੰਘ ਭਾਉ, ਅਸਿਸਟੈਂਟ ਸੈਕਟਰੀ ਰਾਜ ਸਿੰਘ ਕੰਗ, ਹਰਕੀਰਤ ਸਿੰਘ ਸੰਧੂ, ਸੁਖਦੇਵ ਸਿੰਘ ਗਾਬੜੀਆ, ਰਾਜਿੰਦਰ ਸਿੰਘ ਚਿੱਟੀ, ਗੁਰਜੀਤ ਸਿੰਘ ਸਮਰਾ, ਗੁਰਵਿੰਦਰ ਸਿੰਘ ਸਮਰਾ, ਇਕਬਾਲ ਸਿੰਘ ਡਰੋਲੀ ਕਲਾਂ, ਗੁਰਦੀਪ ਸਿੰਘ ਢਿੱਲੋਂ, ਬਰਿੰਦਰ ਸਿੰਘ ਬਿੱਟੂ, ਜਸਵਿੰਦਰ ਸਿੰਘ ਸੰਧੂ, ਮਨਦੀਪ ਸਿੰਘ ਚਿੱਟੀ, ਗੁਰਸੇਵਕ ਸਿੰਘ ਕੋਟਲਾ, ਬੱਬੂ, ਗੁਰਦੁਆਰਾ ਆਮਰਦਾਸ ਜੀ ਦੇ ਪ੍ਰਧਾਨ ਸੇਵਾ ਸਿੰਘ ਪਾਲਦੀ, ਗੁਰਦੁਆਰਾ ਗੁਰੂ ਰਵਿਦਾਸ ਜੀ ਦੇ ਸਟੇਜ ਸੈਕਟਰੀ ਮਹਿੰਦਰਪਾਲ ਸਿੰਘ, ਡਾ: ਸੁਜਾਨ ਸਿੰਘ, ਜਗਤਾਰ ਸਿੰਘ ਰਾਹੋਂ, ਸੁਖਦੇਵ ਸਿੰਘ ਸੈਫ਼ਲਾਬਾਦ, ਯਾਦਵਿੰਦਰ ਸਿੰਘ ਧਰਦਿਉ ਸਮੇਤ ਲੱਖਾਂ ਦੀ ਤਦਾਦ ‘ਚ ਸਿੱਖ ਸੰਗਤਾਂ ਨੇ ਸ਼ਿਰਕਤ ਕੀਤੀ। ਲੈਸਟਰ ਦੇ ਪੰਜਾਬੀ ਰੇਡੀਓ ‘ਕੋਹੇਨੂਰ ਰੇਡੀਓ’ ਦੇ ਰਾਜਵਿੰਦਰ ਕੌਰ ਅਤੇ ਪ੍ਰਮਜੀਤ ਕੌਰ ਵੱਲੋਂ ਨਗਰ ਕੀਰਤਨ ਦਾ ਰੇਡੀਓ ‘ਤੇ ਸਿੱਧਾ ਪ੍ਰਸਾਰਨ ਪੇਸ਼ ਕੀਤਾ ਗਿਆ।