1 ਅਪ੍ਰੈਲ ਤੋਂ ਬਦਲ ਜਾਣਗੇ ਇਹ ਨਿਯਮ, ਜਾਣੋ ਤੁਹਾਡੇ ‘ਤੇ ਕੀ ਹੋਵੇਗਾ ਅਸਰ

ਨਵੀਂ ਦਿੱਲੀ— 1 ਅਪ੍ਰੈਲ 2017 ਯਾਨੀ ਕਿ ਨਵੇਂ ਵਿੱਤੀ ਸਾਲ ਦੇ ਨਾਲ-ਨਾਲ ਰੋਜ਼ਾਨਾ ਦੀ ਜ਼ਿੰਦਗੀ ‘ਚ ਕਈ ਬਦਲਾਅ ਆਉਣ ਵਾਲੇ ਹਨ। ਇਸ ਦਿਨ ਤੋਂ ਆਮਦਨ ਟੈਕਸ, ਬੈਂਕਿੰਗ ਲੈਣ-ਦੇਣ, ਰੇਲ ਕਿਰਾਏ ਆਦਿ ਦੇ ਨਿਯਮਾਂ ‘ਚ ਬਦਲਾਅ ਹੋਵੇਗਾ।
ਇਹ ਹੋਣਗੇ ਬਦਲਾਅ –
ਬੈਂਕ— ਦੇਸ਼ ‘ਚ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਦੇ ਨਿਯਮ 1 ਅਪ੍ਰੈਲ ਤੋਂ ਬਦਲ ਜਾਣਗੇ। ਗਾਹਕ ਸਿਰਫ 3 ਵਾਰ ਹੀ ਖਾਤਿਆਂ ‘ਚ ਬਿਨਾਂ ਚਾਰਜ ਦੇ ਪੈਸੇ ਜਮ੍ਹਾ ਕਰਾ ਸਕਣਗੇ। ਇਸ ਤੋਂ ਬਾਅਦ ਹਰ ਜਮ੍ਹਾ ‘ਤੇ 50 ਰੁਪਏ ਦਾ ਚਾਰਜ ਲੱਗੇਗਾ। ਏ. ਟੀ. ਐੱਮ. ‘ਤੇ ਵੀ 5 ਮੁਫਤ ਲੈਣ-ਦੇਣ ਤੋਂ ਬਾਅਦ 10 ਰੁਪਏ ਦਾ ਚਾਰਜ ਲੱਗੇਗਾ। ਦੂਜੇ ਬੈਂਕ ਦੇ ਏ. ਟੀ. ਐੱਮ. ‘ਚੋਂ ਪੈਸੇ ਕਢਵਾਉਣ ‘ਤੇ ਸਰਵਿਸ ਟੈਕਸ ਸਮੇਤ 20 ਰੁਪਏ ਚਾਰਜ ਲੱਗੇਗਾ। ਐੱਸ. ਐੱਮ. ਐੱਸ. ਲਈ ਵੀ ਚਾਰਜ ਦੇਣਾ ਹੋਵੇਗਾ। 5 ਵੱਡੇ ਬੈਂਕ ਐੱਸ. ਬੀ. ਆਈ. ‘ਚ ਸ਼ਾਮਲ ਹੋ ਜਾਣਗੇ, ਜਿਨ੍ਹਾਂ ‘ਚ ਸਟੇਟ ਬੈਂਕ ਆਫ ਪਟਿਆਲਾ ਬੈਂਕ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਖਾਤਾ ਧਾਰਕਾਂ ਨੂੰ ਆਪਣੇ ਖਾਤੇ ‘ਚ ਘੱਟੋ-ਘੱਟ ਪੈਸੇ ਰੱਖਣੇ ਹੋਣਗੇ।
ਰੇਲ— ਰੇਲ ਟਿਕਟ ਬੁਕਿੰਗ ਸਸਤੀ ਹੋ ਸਕਦੀ ਹੈ ਕਿਉਂਕਿ ਟਿਕਟ ‘ਤੇ ਲੱਗਣ ਵਾਲਾ ਸਰਵਿਸ ਚਾਰਜ ਘੱਟ ਕਰ ਦਿੱਤਾ ਗਿਆ ਹੈ। ਰੇਲਵੇ ਦੀ ਨਵੀਂ ਸਕੀਮ ਤਹਿਤ ਹੁਣ ਯਾਤਰੀ ਸਾਧਾਰਣ ਟਰੇਨ ਦੇ ਟਿਕਟ ‘ਤੇ ਵੀ ਰਾਜਧਾਨੀ ਵਰਗੀ ਟਰੇਨ ‘ਚ ਸਫਰ ਕਰ ਸਕਦੇ ਹਨ। ਮਤਲਬ ਕਿ ਜੇਕਰ ਤੁਹਾਡੀ ਟਿਕਟ ਪੱਕੀ ਨਹੀਂ ਹੋਈ ਤਾਂ ਤੁਹਾਨੂੰ ਅਗਲੀ ਟਰੇਨ ‘ਚ ਜਗ੍ਹਾ ਦੇ ਦਿੱਤੀ ਜਾਵੇਗੀ ਫਿਰ ਚਾਹੇ ਉਹ ਰਾਜਧਾਨੀ ਕਿਉਂ ਨਾ ਹੋਵੇ। ਇਸ ਦੀ ਚੋਣ ਤੁਹਾਨੂੰ ਟਿਕਟ ਲੈਂਦੇ ਸਮੇਂ ਹੀ ਕਰਨੀ ਹੋਵੇਗੀ ਕਿ ਇਹ ਸਕੀਮ ਲੈਣੀ ਹੈ ਜਾਂ ਨਹੀਂ।
ਆਮਦਨ ਟੈਕਸ— ਨਵੇਂ ਨਿਯਮਾਂ ਤਹਿਤ 5 ਲੱਖ ਰੁਪਏ ਤਕ ਦੀ ਆਮਦਨ ਵਾਲਿਆਂ ਲਈ 1 ਪੇਜ ਦਾ ਆਮਦਨ ਟੈਕਸ ਰਿਟਰਨ ਫਾਰਮ ਹੋਵੇਗਾ। 2.5 ਲੱਖ ਤੋਂ 10 ਲੱਖ ਵਿਚਕਾਰ ਆਮਦਨ ਵਾਲਿਆਂ ਦਾ ਟੈਕਸ 10 ਫੀਸਦੀ ਤੋਂ ਘੱਟ ਕੇ 5 ਫੀਸਦੀ ਯਾਨੀ ਅੱਧਾ ਹੋ ਜਾਵੇਗਾ। ਉੱਥੇ ਹੀ 2017-18 ਲਈ ਟੈਕਸ ਰਿਟਰਨ ਭਰਨ ‘ਚ ਦੇਰੀ ਕਰਨ ਵਾਲਿਆਂ ‘ਤੇ 5000 ਰੁਪਏ ਦਾ ਜੁਰਮਾਨਾ ਲਾਉਣ ਦਾ ਨਿਯਮ ਸ਼ੁਰੂ ਹੋ ਜਾਵੇਗਾ। ਰਿਟਰਨ ਭਰਨ ਦੀ ਆਖਰੀ ਤਰੀਕ 31 ਜੁਲਾਈ ਹੁੰਦੀ ਹੈ। 31 ਦਸੰਬਰ ਤੋਂ ਬਾਅਦ ਰਿਟਰਨ ਭਰਨ ਵਾਲਿਆਂ ‘ਤੇ 10,000 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ। ਹਾਲਾਂਕਿ 5 ਲੱਖ ਤਕ ਦੀ ਆਮਦਨ ਵਾਲਿਆਂ ਨੂੰ ਕੁਝ ਰਾਹਤ ਮਿਲੇਗੀ ਕਿਉਂਕਿ ਉਨ੍ਹਾਂ ਲਈ ਇਹ ਜੁਰਮਾਨਾ 1000 ਰੁਪਏ ਰਹੇਗਾ। ਹੁਣ 3.5 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ ‘ਤੇ ਸਿਰਫ 2500 ਰੁਪਏ ਤਕ ਦੀ ਟੈਕਸ ਛੋਟ ਮਿਲੇਗੀ।
ਇਹ ਵੀ ਹੋਣਗੇ ਮਹਿੰਗੇ— ਬਾਈਕ, ਕਾਰ, ਵਪਾਰਕ ਵਾਹਨ ਅਤੇ ਸਿਹਤ ਬੀਮਾ ਮਹਿੰਗੇ ਹੋ ਜਾਣਗੇ। ਰਾਸ਼ਟਰੀ ਹਾਈਵੇ ਅਥਾਰਟੀ (ਐੱਨ. ਐੱਚ. ਏ. ਆਈ.) ਨੇ ਟੋਲ ‘ਚ 2 ਤੋਂ 3 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਵਾਹਨ ਚਾਲਕਾਂ ਨੂੰ ਹੁਣ 5 ਤੋਂ 10 ਰੁਪਏ ਜ਼ਿਆਦਾ ਟੋਲ ਟੈਕਸ ਦੇਣਾ ਹੋਵੇਗਾ। ਮੋਬਾਇਲ ਫੋਨ ਵੀ ਮਹਿੰਗੇ ਹੋ ਸਕਦੇ ਹਨ, ਕਿਉਂਕਿ ਪ੍ਰਿੰਟਿਡ ਸਰਕਟ ਬੋਰਡ ‘ਤੇ ਵੀ ਕਸਟਮ ਡਿਊਟੀ ਲਾ ਦਿੱਤੀ ਗਈ ਹੈ।