30 ਸਾਲ ਬਾਅਦ ਵੀ ਸੇਵਾਵਾਂ ਰੈਗੂਲਰ ਨਾ ਕਰਨ ‘ਤੇ ਰਾਮ ਲਾਲ ਨੇ ਕੀਤੀ ਭੁੱਖ ਹੜਤਾਲ ਸ਼ੁਰੂ

ਸ੍ਰੀ ਅਨੰਦਪੁਰ ਸਾਹਿਬ, 26 ਅਪ੍ਰੈਲ (ਕਰਨੈਲ ਸਿੰਘ)-ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਗੰਗੂਵਾਲ ਪਾਵਰ ਹਾਉਸ ਵਿਖੇ ਪਿਛਲੇ ਕਰੀਬ 23 ਸਾਲ ਤੋਂ ਬਤੌਰ ਵਰਕਚਾਰਜ ਲਾਇਨਮੈਨ ਸੇਵਾਵਾਂ ਨਿਭਾਉਣ ਵਾਲੇ ਰਾਮ ਲਾਲ ਨੂੰ ਵਿਭਾਗ ਵੱਲੋਂ ਰੈਗੂਲਰ ਨਾ ਕੀਤੇ ਜਾਣ ‘ਤੇ ਉਕਤ ਕਰਮਚਾਰੀ ਬੀਤੇ ਦਿਨ ਤੋਂ ਭੁੱਖ ਹੜਤਾਲ ‘ਤੇ ਬੈਠ ਗਿਆ ਹੈ | ਵਿਭਾਗ ਵੱਲੋਂ ਰਾਮ ਲਾਲ ਨਾਲ ਕੀਤੀ ਜਾ ਰਹੀ ਬੇਇਨਸਾਫੀ ਸਬੰਧੀ ਵਿਭਾਗ ਦੇ ਚੇਅਰਮੈਨ ਨੂੰ ਭੇਜੇ ਪੱਤਰ ‘ਚ ਉਕਤ ਕਰਮਚਾਰੀ ਨੇ ਕਿਹਾ ਕਿ ਉਹ 24 ਨਵੰਬਰ, 1985 ਤੋਂ 1993 ਤੱਕ ਬੀ. ਸੀ. ਬੀ. ਅਤੇ ਉਪਰੰਤ 1993 ਤੋਂ ਲੈ ਕੇ ਹੁਣ ਤੱਕ ਬੀ. ਬੀ. ਐਮ. ਬੀ. ਗੰਗੂਵਾਲ ਪਾਵਰ ਹਾਊਸ ਵਿਖੇ ਵੀ ਵਰਕਚਾਰਜ ਲਾਇਨਮੈਨ ਕੰਮ ਕਰਦਾ ਆ ਰਿਹਾ ਹੈ ਪਰ ਵਿਭਾਗ ਨੂੰ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਵਾਰ-ਵਾਰ ਲਿਖੇ ਪੱਤਰਾਂ ਦੇ ਬਾਵਜੂਦ ਉਹ ਵਰਕਚਾਰਜ ਹੀ ਹੈ | ਰਾਮ ਲਾਲ ਦਾ ਕਹਿਣਾ ਹੈ ਕਿ ਵਿਭਾਗ ਮਾਨਯੋਗ ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲੇ ਅਨੁਸਾਰ 10 ਸਾਲ ਦਿਹਾੜੀਦਾਰ ਅਤੇ 5 ਸਾਲ ਵਰਕਚਾਰਜ ਨੂੰ ਰੈਗੂਲਰ ਕਰਨ ਦੇ ਦਿੱਤੇ ਆਦੇਸ਼ ਨੂੰ ਮੰਨਣ ਤੋਂ ਵੀ ਇਨਕਾਰੀ ਹੈ | ਉਨ੍ਹਾਂ ਵਿਭਾਗ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਸੇਵਾਵਾਂ ਰੈਗੂਲਰ ਕੀਤੇ ਜਾਣ ਤੱਕ ਲਗਾਤਾਰ ਭੁੱਖ ਹੜਤਾਲ ‘ਤੇ ਹੀ ਬੈਠੇਗਾ | ਇਸ ਸਬੰਧੀ ਵਿਭਾਗ ਦੀ ਹੀ ਜ਼ਿੰਮੇਵਾਰੀ ਹੋਵੇਗੀ | ਜਦੋਂ ਇਸ ਸਬੰਧੀ ਵਿਭਾਗ ਦੇ ਰੈਜੀਡੈਂਟ ਇੰਜਨੀਅਰ ਸਤਪਾਲ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਦ ਉਨ੍ਹਾਂ ਕਿਹਾ ਕਿ ਉਹ ਉਕਤ ਕਰਮਚਾਰੀ ਦੀਆਂ ਸੇਵਾਵਾਂ ਰੈਗੂਲਰ ਨਾ ਕੀਤੇ ਜਾਣ ਸਬੰਧੀ ਕੋਈ ਟਿੱਪਣੀ ਨਹੀਂ ਕਰਨਗੇ | ਇਸ ਸਬੰਧੀ ਵਿਭਾਗ ਦੇ ਚੰਡੀਗੜ੍ਹ ਸਥਿਤ ਉੱਚ ਅਧਿਕਾਰੀਆਂ ਹੀ ਕੁਝ ਕਹਿਣ ਦੇ ਸਮਰੱਥ ਹਨ | ਪਰ ਚੰਡੀਗੜ੍ਹ ਵਿਖੇ ਕਿਸੇ ਵੀ ਅਧਿਕਾਰੀ ਨਾਲ ਸੰਪਰਕ ਨਾ ਹੋ ਸਕਿਆ |