GST : ਜਾਣੋ ਕੀ ਹੋ ਸਕਦੈ ਸਸਤਾ ਤੇ ਕੀ ਹੋਵੇਗਾ ਮਹਿੰਗਾ

ਨਵੀਂ ਦਿੱਲੀ— 1 ਜੁਲਾਈ 2017 ਤੋਂ ਸਰਕਾਰ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਾਗੂ ਕਰੇਗੀ। ਸਰਕਾਰ ਨੇ ਇਸ ਨੂੰ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਦੱਸਿਆ ਹੈ। ਜੀ. ਐੱਸ. ਟੀ. ਦਾ ਮਕਸਦ ਪੂਰੇ ਦੇਸ਼ ‘ਚ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਨੂੰ ਇਕੋ-ਜਿਹਾ ਰੱਖਣਾ ਹੈ। ਇਕ ਸੂਬੇ ਤੋਂ ਦੂਜੇ ਸੂਬੇ ‘ਚ ਤਸਕਰੀ ਰੁਕੇਗੀ ਅਤੇ ਕੁਝ ਸਾਮਾਨਾਂ ਦੀ ਲਾਗਤ ‘ਚ ਕਮੀ ਵੀ ਆਵੇਗੀ। ਜੀ. ਐੱਸ. ਟੀ. ਨਾਲ ਟੈਕਸ ਦਾ ਢਾਂਚਾ ਆਸਾਨ ਹੋਵੇਗਾ ਅਤੇ ਸਰਕਾਰ ਦੀ ਟੈਕਸ ਤੋਂ ਕਮਾਈ ਵਧੇਗੀ। ਆਓ ਜਾਣਦੇ ਹਾਂ ਕਿ ਜੀ. ਐੱਸ. ਟੀ. ਲਾਗੂ ਹੋਣ ਨਾਲ ਕੀ ਹੋ ਸਕਦਾ ਹੈ ਸਸਤਾ ਅਤੇ ਮਹਿੰਗਾ…
ਇਹ ਹੋ ਸਕਦਾ ਹੈ ਸਸਤਾ
ਛੋਟੀਆਂ ਕਾਰਾਂ, ਮਿੰਨੀ ਐੱਸ. ਯੂ. ਵੀ., ਬਾਇਕ, ਫਿਲਮ ਟਿਕਟ, ਬਿਜਲੀ ਦੇ ਸਾਮਾਨ (ਪੱਖੇ, ਬੱਲਬ, ਵਾਟਰ ਹੀਟਰ, ਏਅਰ ਕੂਲਰ), ਰੋਜ਼ਾਨਾ ਜ਼ਰੂਰਤ ਦੇ ਸਾਮਾਨ ਅਤੇ ਰੇਡੀਮੇਡ ਕਪੜੇ। ਬਿੱਲ ‘ਚ ਪ੍ਰਬੰਧ ਹੈ ਕਿ ਟੈਕਸ ‘ਚ ਮਿਲੇ ਫਾਇਦੇ ਨੂੰ ਕਾਰੋਬਾਰੀ ਗਾਹਕਾਂ ਤਕ ਪਹੁੰਚਾਉਣ। ਖੇਤੀ ਨੂੰ ਛੋਟ ਦੇਣ ਲਈ ਇਸ ਦੀ ਪਰਿਭਾਸ਼ਾ ਵੀ ਦਿੱਤੀ ਗਈ ਹੈ। ਮੌਜੂਦਾ ਸਮੇਂ ਜਿਨ੍ਹਾਂ ਘਰੇਲੂ ਚੀਜ਼ਾਂ ‘ਤੇ 30-31 ਫੀਸਦੀ ਟੈਕਸ ਲੱਗਦਾ ਹੈ, ਉਨ੍ਹਾਂ ‘ਤੇ ਜੀ. ਐੱਸ. ਟੀ. ਤਹਿਤ 28 ਫੀਸਦੀ ਟੈਕਸ ਹੋਵੇਗਾ।
ਇਹ ਹੋ ਸਕਦਾ ਹੈ ਮਹਿੰਗਾ
ਲਗਜ਼ਰੀ ਕਾਰਾਂ, ਪਾਨ ਮਸਾਲਾ, ਕੋਲਡ ਡ੍ਰਿੰਕਸ ਆਦਿ ਮਹਿੰਗੇ ਹੋ ਸਕਦੇ ਹਨ। ਲਗਜ਼ਰੀ ਚੀਜ਼ਾਂ ‘ਤੇ ਸੈੱਸ ਅਤੇ ਟੈਕਸ ਦੋਵੇਂ ਲੱਗਣਗੇ। ਸੈੱਸ ਪੰਜ ਸਾਲ ਤਕ ਲਿਆ ਜਾਵੇਗਾ ਅਤੇ ਇਸ ਤੋਂ ਇਕੱਠੀ ਹੋਣ ਵਾਲੀ ਰਕਮ ‘ਚੋਂ ਹੀ ਸੂਬਿਆਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਤੰਬਾਕੂ ‘ਤੇ ਮੌਜੂਦਾ ਐਕਸਾਈਜ਼ ਡਿਊਟੀ ਦੇ ਮੁਕਾਬਲੇ ਜੀ. ਐੱਸ. ਟੀ. ਦੀ ਦਰ ਜ਼ਿਆਦਾ ਹੋਵੇਗੀ, ਜਿਸ ਕਾਰਨ ਸਿਗਰਟ ਦੇ ਮੁੱਲ ਵਧਣਗੇ। ਮੌਜੂਦਾ 14 ਫੀਸਦੀ ਸਰਵਿਸ ਟੈਕਸ ਜੀ. ਐੱਸ. ਟੀ. ਤੋਂ ਬਾਅਦ ਵਧ ਜਾਵੇਗਾ, ਜਿਸ ਕਾਰਨ ਮੋਬਾਇਲ ਫੋਨ ਤੋਂ ਗੱਲ ਕਰਨਾ ਮਹਿੰਗਾ ਹੋ ਸਕਦਾ ਹੈ। ਟੈਕਸਟਾਇਲ ਅਤੇ ਬ੍ਰਾਂਡੈਡ ਗਹਿਣੇ ਵੀ ਮਹਿੰਗੇ ਹੋ ਸਕਦੇ ਹਨ। ਰੇਲ, ਬੱਸ ਅਤੇ ਹਵਾਈ ਸਫਰ ਵੀ ਮਹਿੰਗਾ ਹੋ ਸਕਦਾ ਹੈ।